ਜੇਐੱਨਐੱਨ, ਨਵੀਂ ਦਿੱਲੀ : ਲਾਕਡਾਊਨ 'ਚ ਢਿੱਲ ਤੇ ਆਵਾਜਾਈ ਦੀਆਂ ਸਹੂਲਤਾਂ ਦੀ ਸੀਮਤ ਬਹਾਲੀ ਦੇ ਮਾੜੇ ਨਤੀਜੇ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ ਵਾਧੇ ਵਜੋਂ ਸਾਹਮਣੇ ਆਉਣ ਲੱਗੇ ਹਨ। ਪਿਛਲੇ ਹਫ਼ਤੇ ਤੋਂ ਰੋਜ਼ਾਨਾ ਲਗਪਗ ਪੰਜ ਹਜ਼ਾਰ ਦੇ ਨੇੜੇ-ਤੇੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਤਾਂ ਇਹ ਗਿਣਤੀ ਛੇ ਹਜ਼ਾਰ ਨੂੰ ਪਾਰ ਕਰ ਗਈ ਹੈ। ਸ਼ਨਿਚਰਵਾਰ ਨੂੰ ਵੀ ਕਰੀਬ ਛੇ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ ਦੇਸ਼ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਲੋਕਾਂ ਦੀ ਗਿਣਤੀ ਸਵਾ ਲੱਖ ਨੂੰ ਪਾਰ ਕਰ ਗਈ ਹੈ, ਹਾਲਾਂਕਿ ਇਨ੍ਹਾਂ ਵਿਚੋਂ 52 ਹਜ਼ਾਰ ਤੋਂ ਜ਼ਿਆਦਾ ਲੋਕ ਹਾਲੇ ਤਕ ਸਿਹਤਮੰਦ ਵੀ ਹੋ ਚੁੱਕੇ ਹਨ। 3700 ਤੋਂ ਵੱਧ ਲੋਕਾਂ ਦੀ ਹੁਣ ਤਕ ਮੌਤ ਵੀ ਹੋ ਚੁੱਕੀ ਹੈ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 6,654 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 137 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਤੇ ਹੋਰ ਵਸੀਲਿਆਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ 'ਚ ਮਿਲਣ 'ਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧਾ ਅੰਕੜੇ ਇਕੱਠੀਆਂ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੇ ਅੰਕੜੇ ਮੁਤਾਬਕ ਸ਼ਨਿਚਰਵਾਰ ਨੂੰ ਵੀ ਇਸ ਮਹਾਮਾਰੀ ਤੋਂ ਪੀੜਤ 5,675 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ ਵਧ ਕੇ 1,28,331 'ਤੇ ਪੁੱਜ ਗਿਆ। ਹੁਣ ਤਕ 3,763 ਲੋਕਾਂ ਦੀ ਜਾਨ ਵੀ ਗਈ ਹੈ। ਸ਼ਨਿਚਰਵਾਰ ਨੂੰ 128 ਲੋਕਾਂ ਦੀ ਮੌਤ ਹੋਈ ਹੈ, ਜਿਸ 'ਚ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 60, ਗੁਜਰਾਤ 'ਚ 27, ਦਿੱਲੀ 'ਚ 23, ਤਾਮਿਲਨਾਡੂ 'ਚ ਪੰਜ, ਬੰਗਾਲ 'ਚ ਚਾਰ, ਰਾਜਸਥਾਨ 'ਚ ਤਿੰਨ, ਕਰਨਾਟਕ 'ਚ ਦੋ ਤੇ ਜੰਮੂ-ਕਸ਼ਮੀਰ, ਪੰਜਾਬ, ਉਤਰਾਖੰਡ ਤੇ ਆਂਧਰ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ। ਰਾਜਧਾਨੀ ਦਿੱਲੀ 'ਚ ਇਕ ਦਿਨ 'ਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

ਮਹਾਰਾਸ਼ਟਰ 'ਚ ਇਨਫੈਕਸ਼ਨ 'ਤੇ ਰੋਕ ਨਹੀਂ

ਮਹਾਰਾਸ਼ਟਰ 'ਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਵੇਂ ਮਾਮਲਿਆਂ 'ਤੇ ਰੋਕ ਨਹੀਂ ਲੱਗ ਰਹੀ ਹੈ। ਸ਼ਨਿਚਰਵਾਰ ਨੂੰ ਵੀ 2,608 ਨਵੇਂ ਕੇਸ ਸਾਹਮਣੇ ਆਏ, ਇਕ ਦਿਨ 'ਚ ਨਵੇਂ ਮਾਮਲਿਆਂ ਦੀ ਇਹ ਦੂਜੀ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਭ ਤੋਂ ਜ਼ਿਆਦਾ 2,940 ਨਵੇਂ ਮਾਮਲੇ ਮਿਲੇ ਸਨ। ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 47,190 'ਤੇ ਪੁੱਜ ਗਈ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਨਫੈਕਟਿਡ ਇਕੱਲੇ ਮੁੰਬਈ 'ਚ ਹਨ।

ਦਿੱਲੀ 'ਚ ਪੰਜ ਦਿਨਾਂ ਤੋਂ ਰੋਜ਼ ਨਵੇਂ 500 ਮਾਮਲੇ

ਰਾਜਧਾਨੀ ਦਿੱਲੀ 'ਚ ਵੀ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ 500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਰਹੇ ਹਨ। ਸ਼ੁੱਕਰਵਾਰ ਨੂੰ ਵੀ ਸਭ ਤੋਂ ਜ਼ਿਆਦਾ 660 ਕੇਸ ਮਿਲੇ ਹਨ। ਸ਼ਨਿਚਰਵਾਰ ਨੂੰ 591 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ 12,910 'ਤੇ ਪੁੱਜ ਗਈ।

ਅਹਿਮਦਾਬਾਦ 'ਚ 10 ਹਜ਼ਾਰ ਤੋਂ ਵੱਧ ਇਨਫੈਕਟਿਡ

ਗੁਜਰਾਤ 'ਚ ਇਨਫੈਕਟਿਡਾਂ ਦੀ ਗਿਣਤੀ 13,669 ਹੋ ਗਈ ਹੈ, ਜਿਨ੍ਹਾਂ ਵਿਚੋਂ ਇਕੱਲੇ ਅਹਿਮਦਾਬਾਦ 'ਚ ਹੀ 10 ਹਜ਼ਾਰ ਤੋਂ ਵੱਧ ਇਨਫੈਕਟਿਡ ਹਨ। ਸ਼ਨਿਚਰਵਾਰ ਨੂੰ ਵੀ ਸੂਬੇ 'ਚ 396 ਨਵੇਂ ਮਾਮਲਿਆਂ 'ਚੋਂ ਅਹਿਮਦਾਬਾਦ 'ਚ ਹੀ 277 ਨਵੇਂ ਮਾਮਲੇ ਮਿਲੇ। 27 'ਚੋਂ 24 ਮੌਤਾਂ ਵੀ ਅਹਿਮਦਾਬਾਦ 'ਚ ਹੋਈਆਂ ਹਨ।

ਕੇਰਲ, ਕਰਨਾਟਕ ਤੇ ਤਾਮਿਲਨਾਡੂ 'ਚ ਪਾਬੰਦੀਆਂ 'ਚ ਢਿੱਲ ਕਾਰਨ ਮਾੜਾ ਹਾਲ

ਲਾਕਡਾਊਨ ਦੌਰਾਨ ਲੱਗੀਆਂ ਪਾਬੰਦੀਆਂ 'ਚ ਛੋਟ ਦੇ ਮਾੜੇ ਨਤੀਜੇ ਕੇਰਲ, ਕਰਨਾਟਕ ਤੇ ਤਾਮਿਲਨਾਡੂ 'ਚ ਦੇਖਣ ਨੂੰ ਮਿਲ ਰਹੇ ਹਨ। ਕੇਰਲ ਤੇ ਕਰਨਾਟਕ 'ਚ ਸ਼ਨਿਚਰਵਾਰ ਨੂੰ ਇਕ ਦਿਨ 'ਚ ਰਿਕਾਰਡ ਕ੍ਰਮਵਾਰ 62 ਤੇ 216 ਨਵੇਂ ਮਾਮਲੇ ਸਾਹਮਣੇ ਤੇ ਪੀੜਤਾਂ ਦੀ ਗਿਣਤੀ ਵਧ ਕੇ 794 ਤੇ 1,958 ਹੋ ਗਈ ਹੈ। ਇਹ ਦੋਵੇਂ ਸੂਬੇ ਅਜਿਹੇ ਹਨ, ਜਿਥੇ ਕੋਰੋਨਾ 'ਤੇ ਲਗਪਗ ਕਾਬੂ ਪਾ ਲਿਆ ਗਿਆ ਸੀ। ਤਾਮਿਲਨਾਡੂ 'ਚ ਵੀ ਲਗਾਤਾਰ ਮਾਮਲੇ ਵਧ ਰਹੇ ਹਨ। ਇਥੇ 759 ਨਵੇਂ ਮਾਮਲੇ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 15,512 ਹੋ ਗਈ ਹੈ।

ਉੱਤਰੀ ਭਾਰਤ ਤੇ ਪੂਰਬ-ਉੱਤਰ 'ਚ ਵੀ ਵਧੇ ਮਾਮਲੇ

ਉੱਤਰੀ ਭਾਰਤ ਤੇ ਪੂਰਬ ਉੱਤਰ ਦੇ ਕਈ ਸੂਬਿਆਂ 'ਚ ਵੀ ਮਾਮਲੇ ਵਧ ਰਹੇ ਹਨ। ਰਾਜਸਥਾਨ 'ਚ 163 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 6,657 ਹੋ ਗਈ ਹੈ। ਇਸੇ ਤਰ੍ਹਾਂ 80 ਨਵੇਂ ਮਾਮਲਿਆਂ ਨਾਲ ਜੰਮੂ-ਕਸ਼ਮੀਰ 'ਚ 1,569 ਤੇ 179 ਨਵੇਂ ਕੇਸਾਂ ਨਾਲ ਬਿਹਾਰ 'ਚ 2,345, ਓਡੀਸ਼ਾ 'ਚ 80 ਨਵੇਂ ਮਾਮਲਿਆਂ ਨਾਲ 1,269 ਤੇ ਉੱਤਰਾਖੰਡ 'ਚ 72 ਨਵੇਂ ਕੇਸਾਂ ਨਾਲ ਹੁਣ ਤਕ ਮਿਲੇ ਇਨਫੈਕਟਿਡਾਂ ਦੀ ਗਿਣਤੀ 246 ਹੋ ਗਈ ਹੈ। ਬੰਗਾਲ 'ਚ ਵੀ 3,324, ਹਰਿਆਣਾ 'ਚ 1,087 ਤੇ ਮੱਧ ਪ੍ਰਦੇਸ਼ 'ਚ ਹੁਣ ਤਕ 6,378 ਇਨਫੈਕਟਿਡ ਸਾਹਮਣੇ ਆ ਚੁੱਕੇ ਹਨ।

ਅਸਾਮ 'ਚ ਵੀ 60 ਨਵੇਂ ਕੇਸ ਮਿਲੇ ਹਨ। ਇਕ ਦਿਨ 'ਚ ਸੂਬੇ 'ਚ ਮਿਲੀ ਇਹ ਸਭ ਤੋਂ ਵੱਡੀ ਗਿਣਤੀ ਹੈ। ਹੁਣ ਤਕ 319 ਪੀੜਤ ਮਿਲ ਚੁੱਕੇ ਹਨ। ਸਿੱਕਮ 'ਚ ਵੀ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 25 ਸਾਲ ਦਾ ਇਹ ਨੌਜਵਾਨ 17 ਮਈ ਨੂੰ ਦਿੱਲੀ ਤੋਂ ਬੱਸ ਰਾਹੀਂ ਸਿਲੀਗੁੜੀ ਤੇ ਉਸ ਤੋਂ ਬਾਅਦ ਸਿੱਕਮ ਪੁੱਜਾ ਸੀ।