ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ ਇਕ ਲੱਖ, 13 ਹਜ਼ਾਰ ਤੋਂ ਪਾਰ ਕਰ ਗਿਆ। ਮਹਾਰਾਸ਼ਟਰ 'ਚ ਲਗਾਤਾਰ ਪੰਜਵੇਂ ਦਿਨ ਦੋ ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ। ਮਹਾਰਾਸ਼ਟਰ ਦੇ ਨਾਲ ਹੀ ਦਿੱਲੀ, ਗੁਜਰਾਤ ਤੇ ਤਾਮਿਲਨਾਡੂ 'ਚ ਵੀ ਨਵੇਂ ਮਾਮਲੇ ਦੀ ਰਫ਼ਤਾਰ ਤੇਜ਼ ਰਹੀ। ਕੋਰੋਨਾ ਖ਼ਿਲਾਫ਼ ਜੰਗ 'ਚ ਇਨ੍ਹਾਂ ਸੂਬਿਆਂ ਨੇ ਦੇਸ਼ ਦੀ ਚਿੰਤਾ ਵਧਾ ਦਿੱਤੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 3435 ਲੋਕਾਂ ਦੀ ਜਾਨ ਗਈ ਹੈ ਤੇ 1,12,359 ਲੋਕ ਇਨਫੈਕਟਿਡ ਹੋਏ ਹਨ। ਹੁਣ ਤਕ 45,299 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਵੀ ਹੋਏ ਹਨ।

ਸਮਾਚਾਰ ਏਜੰਸੀ ਪੀਟੀਆਈ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਵੀਰਵਾਰ ਰਾਤ 9.30 ਵਜੇ ਤਕ ਦੇਸ਼ 'ਚ 3,494 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਲ 1,16,295 ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਦਕਿ 47,487 ਲੋਕ ਸਿਹਤਮੰਦ ਹੋ ਚੁੱਕੇ ਹਨ।

ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਰ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਮਹਾਰਾਸ਼ਟਰ 'ਚ 41 ਹਜ਼ਾਰ ਤੋਂ ਪਾਰ

ਮਹਾਰਾਸ਼ਟਰ 'ਚ ਇਨਫੈਕਟਿਡਾਂ ਦੀ ਗਿਣਤੀ 41 ਹਜ਼ਾਰ ਤੋਂ ਪਾਰ ਹੋ ਗਈ ਹੈ। ਸੂਬੇ 'ਚ ਲਗਾਤਾਰ ਪੰਜਵੇਂ ਦਿਨ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ 2,345 ਨਵੇਂ ਮਾਮਲਿਆਂ ਨਾਲ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ 41,642 ਹੋ ਗਈ ਹੈ। ਹੁਣ ਤਕ 1,454 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਵਿਚਾਲੇ ਕੋਰੋਨਾ ਨਾਲ ਜੂਝ ਰਹੀ ਮੁੰਬਈ ਦੀਆਂ ਝੁੱਗੀਆਂ ਝੌਂਪੜੀਆਂ ਦੀ ਬਸਤੀ ਧਾਰਾਵੀ 'ਚ ਪੁਲਿਸ ਦੀ ਮਦਦ ਲਈ ਕੇਂਦਰ ਤੋਂ ਭੇਜੀ ਗਈ ਸੀਆਰਪੀਐੱਫ ਦੀ ਇਕ ਟੁਕੜੀ ਤਾਇਤਾਨ ਕੀਤੀ ਗਈ ਹੈ।

ਦਿੱਲੀ 'ਚ 11,569 ਕੋਰੋਨਾ ਪੀੜਤ

ਰਾਜਧਾਨੀ ਦਿੱਲੀ ਲਾਕਡਾਊਨ ਤੋਂ ਪੂਰੀ ਤਰ੍ਹਾਂ ਮੁਕਤ ਵੀ ਨਹੀਂ ਹੈ ਕਿ ਨਵੇਂ ਮਾਮਲਿਆਂ 'ਚ ਤੇਜ਼ ਵਾਧਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 500 ਦੇ ਨੇੜੇ-ਤੇੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਰਿਕਾਰਡ 571 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਰਾਜਧਾਨੀ 'ਚ ਕੁਲ ਇਨਫੈਕਟਿਡਾਂ ਦੀ ਗਿਣਤੀ 11,659 'ਤੇ ਪੁੱਜ ਗਈ ਹੈ। ਪਿਛਲੇ 24 ਘੰਟਿਆਂ 'ਚ 18 ਲੋਕਾਂ ਦੇ ਮਰਨ ਦੀ ਜਾਣਕਾਰੀ ਮਿਲੀ ਹੈ।

ਤਾਮਿਲਨਾਡੂ 'ਚ ਵੀ ਵਾਧਾ ਤੇਜ਼

ਤਾਮਿਲਨਾਡੂ 'ਚ ਵੀ ਪੀੜਤਾਂ ਦਾ ਅੰਕੜਾ ਤੇਜ਼ੀ 'ਚ ਵਧ ਰਿਹਾ ਹੈ। ਵੀਰਵਾਰ ਨੂੰ 776 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 14 ਹਜ਼ਾਰ ਦੇ ਨੇੜੇ ਪੁੱਜ ਗਿਆ। ਕੇਰਲ 'ਚ ਵੀ ਮਾਮਲੇ ਵਧਣ ਲੱਗੇ ਹਨ ਤੇ 24 ਨਵੇਂ ਕੇਸਾਂ ਨਾਲ 690 ਇਨਫੈਕਟਿਡ ਹੋ ਗਏ ਹਨ। ਆਂਧਰ ਪ੍ਰਦੇਸ਼ 'ਚ ਵੀ ਹੁਣ ਤਕ 2,607 ਤੇ ਕਰਨਾਟਕ 'ਚ 1605 ਇਨਫੈਕਟਿਡ ਪਾਏ ਜਾ ਚੁੱਕੇ ਹਨ। ਤੇਲੰਗਾਨਾ 'ਚ ਵੀਰਵਾਰ ਨੂੰ 38 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 1,699 ਹੋ ਗਈ ਹੈ। ਇਸ ਦੌਰਾਨ ਪੰਜ ਮਰੀਜ਼ਾਂ ਦੀ ਮੌਤ ਹੋ ਗਈ।

ਗੁਜਰਾਤ 'ਚ 371 ਨਵੇਂ ਮਾਮਲੇ

ਗੁਜਰਾਤ 'ਚ 371 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 24 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਹੁਣ ਤਕ 12,910 ਇਨਫੈਕਟਿਡ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿਚੋਂ 773 ਦੀ ਜਾਨ ਜਾ ਚੁੱਕੀ ਹੈ। ਅਹਿਮਦਾਬਾਦ 'ਚ 233 ਨਵੇਂ ਕੇਸ ਮਿਲੇ ਹਨ ਤੇ 9,449 ਇਨਫੈਕਟਿਡ ਹੋ ਗਏ ਹਨ। ਮਹਾਨਗਰ 'ਚ ਹੁਣ ਤਕ 619 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਉੱਤਰ ਭਾਰਤ 'ਚ ਵੀ ਕੋਰੋਨਾ ਦਾ ਕਹਿਰ ਜਾਰੀ

ਦਿੱਲੀ ਦੇ ਨਾਲ ਹੀ ਉੱਤਰ ਭਾਰਤ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਉੱਤਰ ਪ੍ਰਦੇਸ਼ 'ਚ 341 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 5515 ਹੋ ਗਈ ਹੈ। ਇਸ ਦੌਰਾਨ ਇਥੇ ਸੱਤ ਲੋਕਾਂ ਦੀ ਮੌਤ ਵੀ ਹੋ ਗਈ ਹੈ। ਬਿਹਾਰ 'ਚ 324 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ 'ਚ 1,987 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਸੇ ਤਰ੍ਹਾਂ ਰਾਜਸਥਾਨ 'ਚ 131 ਨਵੇਂ ਕੇਸਾਂ ਨਾਲ 6,146, ਮੱਧ ਪ੍ਰਦੇਸ਼ 'ਚ 60 ਨਵੇਂ ਮਾਮਲਿਆਂ ਨਾਲ 5,935 ਤੇ 59 ਨਵੇਂ ਮਾਮਲਿਆਂ ਨਾਲ ਜੰਮੂ-ਕਸ਼ਮੀਰ 'ਚ 1,449 ਇਨਫੈਕਟਿਡ ਹੁਣ ਤਕ ਸਾਹਮਣੇ ਆ ਚੁੱਕੇ ਹਨ।