ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਲਗਾਤਾਰ ਦੋ ਦਿਨਾਂ ਤੋਂ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ 100 ਤੋਂ ਪਾਰ ਹੋ ਗਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਤੁਲਨਾ 'ਚ ਨਵੇਂ ਮਾਮਲੇ ਜ਼ਿਆਦਾ ਮਿਲਣ ਨਾਲੋਂ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ ਪੌਣੇ ਦੋ ਲੱਖ ਤੋਂ ਜ਼ਿਆਦਾ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਰੋਜ਼ਾਨਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ 'ਚ 16,838 ਨਵੇਂ ਮਾਮਲੇ ਮਿਲੇ ਹਨ ਤੇ 113 ਲੋਕਾਂ ਦੀ ਮੌਤ ਹੋਈ ਹੈ, ਜਿਸ 'ਚ ਮਹਾਰਾਸ਼ਟਰ 'ਚ 60, ਪੰਜਾਬ 'ਚ 15 ਤੇ ਕੇਰਲ 'ਚ 14 ਮੌਤਾਂ ਸ਼ਾਮਲ ਹਨ। ਇਸ ਨਾਲ ਹੀ ਕੁਲ ਇਨਫੈਕਟਿਡਾਂ ਦਾ ਅੰਕੜਾ ਵੱਧ ਕੇ ਇਕ ਕਰੋੜ 11 ਲੱਖ 73 ਹਜ਼ਾਰ ਤੋਂ ਪਾਰ ਕਰ ਗਿਆ ਹੈ। ਇਨ੍ਹਾਂ 'ਚੋਂ ਇਕ ਕਰੋੜ ਅੱਠ ਲੱਖ 39 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੱੁਕੇ ਹਨ ਤੇ 1,57,548 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਉੱਭਰਨ ਦੀ ਦਰ ਘਟ ਕੇ 97.01 ਫ਼ੀਸਦੀ 'ਤੇ ਆ ਗਈ ਹੈ ਤੇ ਮੌਤ ਦੀ ਦਰ 1.41 ਫ਼ੀਸਦੀ 'ਤੇ ਬਣੀ ਹੋਈ ਹੈ। ਮੰਤਰਾਲੇ ਨੇ ਦੱਸਿਆ ਕਿ ਸਰਗਰਮ ਮਾਮਲਿਆਂ ਅਰਥਾਤ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫਿਲਹਾਲ ਦੇਸ਼ 'ਚ ਕੁਲ 1,76,319 ਸਰਗਰਮ ਮਾਮਲੇ ਹਨ, ਜੋ ਕੁਲ ਇਨਫੈਕਟਿਡਾਂ ਦਾ 1.58 ਫ਼ੀਸਦੀ ਹੈ।

ਵੀਰਵਾਰ ਨੂੰ 7.61 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਵੀਰਵਾਰ ਨੂੰ ਪੂਰੇ ਦੇਸ਼ 'ਚ 7,61,834 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਰਲਾ ਕੇ ਹੁਣ ਤਕ ਕੁਲ 21 ਕਰੋੜ 99 ਲੱਖ 40 ਹਜ਼ਾਰ ਤੋਂ ਜ਼ਿਆਦਾ ਨਮੂਨਿਆਂ ਦਾ ਪ੍ਰਰੀਖਣ ਕੀਤਾ ਜਾ ਚੁੱਕਾ ਹੈ।

ਸਿਰਫ ਛੇ ਸੂਬਿਆਂ 'ਚ 88.44 ਫ਼ੀਸਦੀ ਨਵੇਂ ਮਾਮਲੇ

ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ 'ਚ ਸਾਹਮਣੇ ਆਏ ਕੁਲ 16,838 ਨਵੇਂ ਮਾਮਲਿਆਂ 'ਚੋਂ 88.44 ਫ਼ੀਸਦੀ ਸਿਰਫ ਛੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪਾਏ ਗਏ ਹਨ। ਇਨ੍ਹਾਂ 'ਚ ਮਹਾਰਾਸ਼ਟਰ, ਕੇਰਲ, ਪੰਜਾਬ, ਹਰਿਆਣਾ, ਗੁਜਰਾਤ ਤੇ ਦਿੱਲੀ ਸ਼ਾਮਲ ਹਨ। ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 8,998 ਨਵੇਂ ਇਨਫੈਕਟਿਡ ਮਿਲੇ ਹਨ। ਜਦਕਿ, ਕੇਰਲ 'ਚ 2,616 ਤੇ ਪੰਜਾਬ 'ਚ 1,071 ਨਵੇਂ ਕੇਸ ਮਿਲੇ ਹਨ। ਮੰਤਰਾਲੇ ਮੁਤਾਬਕ ਇਨ੍ਹਾਂ ਸੂਬਿਆਂ ਨੂੰ ਰਲਾ ਕੇ ਅੱਠ ਸੂਬਿਆਂ 'ਚ ਇਨਫੈਕਸ਼ਨ ਵੱਧ ਰਿਹਾ ਹੈ। ਹਾਲਾਂਕਿ, ਕੇਰਲ, ਤਾਮਿਲਨਾਡੂ ਤੇ ਬੰਗਾਲ 'ਚ ਸਰਗਰਮ ਮਾਮਲਿਆਂ 'ਚ ਕਮੀ ਆਈ ਹੈ।

ਪੰਜ ਸੂਬਿਆਂ 'ਚ ਸਰਗਰਮ ਮਾਮਲੇ ਘਟੇ

ਮੰਤਰਾਲੇ ਮੁਤਾਬਕ ਪਿਛਲੇ ਇਕ ਮਹੀਨੇ ਦੌਰਾਨ ਕੇਰਲ, ਉੱਤਰ ਪ੍ਰਦੇਸ਼, ਬੰਗਾਲ, ਛੱਤੀਸਗੜ੍ਹ ਤੇ ਤਾਮਿਲਨਾਡੂ 'ਚ ਸਭ ਤੋਂ ਜ਼ਿਆਦਾ ਸਰਗਰਮ ਮਾਮਲੇ ਘੱਟ ਹੋਏ। ਜਦਕਿ, ਮਹਾਰਾਸ਼ਟਰ, ਪੰਜਾਬ, ਮੱਧ ਪ੍ਰਦੇਸ਼, ਹਰਿਆਣਾ ਤੇ ਦਿੱਲੀ 'ਚ ਸਭ ਤੋਂ ਜ਼ਿਆਦਾ ਸਰਗਰਮ ਮਾਮਲਿਆਂ ਦੀ ਗਿਣਤੀ ਵਧੀ।

20 ਸੂਬਿਆਂ 'ਚ ਹਜ਼ਾਰ ਤੋਂ ਘੱਟ ਸਰਗਰਮ ਮਾਮਲੇ

ਮੰਤਰਾਲੇ ਨੇ ਦੱਸਿਆ ਕਿ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਕ ਹਜ਼ਾਰ ਤੋਂ ਘੱਟ ਸਰਗਰਮ ਮਾਮਲੇ ਹਨ। ਇਨ੍ਹਾਂ 'ਚ ਅਰੁਨਾਚਲ ਪ੍ਰਦੇਸ਼ 'ਚ ਸਿਰਫ ਦੋ ਸਰਗਰਮ ਮਾਮਲੇ ਰਹਿ ਗਏ ਹਨ। ਦੇਸ਼ 'ਚ ਸਮੁੱਚੇ ਇਨਫੈਕਸ਼ਨ ਦੀ ਦਰ 'ਚ ਗਿਰਾਵਟ ਜਾਰੀ ਹੈ ਤੇ ਫਿਲਹਾਲ ਇਹ 5.08 ਫ਼ੀਸਦੀ ਹੈ।

18 ਸੂਬਿਆਂ 'ਚ 24 'ਚ ਕੋਰੋਨਾ ਨਾਲ ਕੋਈ ਮੌਤ ਨਹੀਂ

ਦੇਸ਼ ਦੇ 18 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਇਨ੍ਹਾਂ 'ਚ ਅਰੁਨਾਚਲ ਪ੍ਰਦੇਸ਼, ਅਸਾਮ, ਚੰਡੀਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਲੱਦਾਖ, ਓਡੀਸ਼ਾ, ਉੱਤਰਾਖੰਡ ਤੇ ਪੂਰਬ-ਉੱਤਰ ਦੇ ਲਗਪਗ ਸਾਰੇ ਸੂਬੇ ਸ਼ਾਮਲ ਹਨ।

Posted By: Susheel Khanna