ਨਵੀਂ ਦਿੱਲੀ (ਏਜੰਸੀ) : ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) 'ਚ ਹੁਣ ਤਕ ਕੋਰੋਨਾ ਇਨਫੈਕਸ਼ਨ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੀਆਰਪੀਐੱਫ 'ਚ ਇਸ ਜਾਨਲੇਵਾ ਇਨਫੈਕਸ਼ਨ ਤੋਂ ਸਿਹਤਮੰਦ ਹੋਣ ਦੀ ਦਰ ਕਰੀਬ 85 ਫ਼ੀਸਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਨੀਮ ਫ਼ੌਜੀ ਬਲ ਦੇ ਮੁਖੀ ਏਪੀ ਮਾਹੇਸ਼ਵਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ, ਬਲ ਇਹ ਤੈਅ ਕਰਨ ਲਈ ਵੱਖ-ਵੱਖ ਕਦਮ ਚੁੱਕ ਰਿਹਾ ਹੈ ਕਿ ਸਾਡੇ ਜਵਾਨ ਸਿਹਤਮੰਦ ਰਹਿਣ ਤੇ ਕੋਰੋਨਾ ਵਰਗੀ ਮਹਾਮਾਰੀ ਨਾਲ ਲੜਨ ਲਈ ਉਨ੍ਹਾਂ ਦੀ ਰੋਗ ਪ੍ਰਤੀਰੋਧ ਸਮਰੱਥਾ ਦਾ ਪੱਧਰ ਬਿਹਤਰ ਰਹੇ।

ਰਾਸ਼ਟਰੀ ਰਾਜਧਾਨੀ 'ਚ ਵਿਜੇ ਚੌਕ 'ਤੇ 'ਫਿਟ ਇੰਡੀਆ ਫਰੀਡਮ ਰਨ' ਦੇ ਸਮਾਪਤੀ ਸਮਾਗਮ 'ਚ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਮਾਹੇਸ਼ਵਰੀ ਨੇ ਕਿਹਾ, 'ਕੋਵਿਡ-19 ਦੌਰਾਨ ਇਸ ਤਰ੍ਹਾਂ ਦੇ ਪ੍ਰਰੋਗਰਾਮ ਦਾ ਪ੍ਰਬੰਧ ਇਸ ਤੱਥ ਦਾ ਸੰਕੇਤ ਦੇਣ ਲਈ ਹੈ ਕਿ ਅਸੀਂ ਕੋਰੋਨਾ ਵਾਇਰਸ ਇਨਫੈਕਸ਼ਨ ਵਰਗੀਆਂ ਮਹਾਮਾਰੀਆਂ ਨਾਲ ਨਜਿੱਠਣ ਲਈ ਫੇਸ ਮਾਸਕ ਤੇ ਸ਼ਰੀਰਕ ਦੂਕੀ ਵਰਗੇ ਮੈਡੀਕਲ ਪ੍ਰਰੋਟੋਕਾਲ 'ਤੇ ਅਮਲ ਕਰਦੇ ਹੋਏ ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਤੇ ਸ਼ਰੀਰਕ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।' ਸੀਆਰਪੀਐੱਫ ਦੇ ਮੁਲਾਜ਼ਮਾਂ ਨੇ 15 ਅਗਸਤ ਨੂੰ ਸ਼ੁਰੂ ਹੋਈ ਫਿਟਨੈਸ ਪਹਿਲ ਤਹਿਤ 1.5 ਕਰੋੜ ਕਿਲੋਮੀਟਰ ਤਕ ਦੀ ਦੌੜ ਲਗਾਈ ਹੈ। ਇਸੇ ਸਿਲਸਿਲੇ 'ਚ ਵੀਰਵਾਰ ਨੂੰ ਸੀਆਰਪੀਐੱਫ ਦੇ ਅਧਿਕਾਰੀਆਂ, ਅਰਜੁਨ ਪੁਰਸਕਾਰ ਜੇਤੂ ਜੀਐੱਸ ਰੰਧਾਵਾ, ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ, ਵੇਟ ਲਿਫਟਿੰਗ ਚੈਂਪੀਅਨ ਕੁੰਜਾਰਾਨੀ ਦੇਵੀ ਸਮੇਤ ਖਿਡਾਰੀਆਂ ਤੇ ਹੋਰਾਂ ਨੇ ਵਿਜੇ ਚੌਕ ਤੋਂ ਇੰਡੀਆ ਗੇਟ ਤਕ ਦੌੜ ਲਾਈ।