ਜੇਐੱਨਐੱਨ, ਨਵੀਂ ਦਿੱਲੀ : ਸਰਗਰਮ ਮਾਮਲਿਆਂ ਵਿਚ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਦੀ ਵਧਦੀ ਗਿਣਤੀ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹਰ ਰੋਜ਼ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ।

ਇਨ੍ਹਾਂ ਸੂਬਿਆਂ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ ਤੇ ਮੇਘਾਲਿਆ ਸ਼ਾਮਲ ਹਨ। ਸਰਗਰਮ ਮਰੀਜ਼ਾਂ ਤੇ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਦਰਮਿਆਨ ਦਾਇਰਾ ਵੀ ਵਧਦਾ ਜਾ ਰਿਹਾ ਹੈ। ਹੁਣ ਤਕ ਲਗਪਗ 60 ਲੱਖ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ ਜਿਨ੍ਹਾਂ ਵਿਚੋਂ ਕਰੀਬ 50 ਲੱਖ ਸਿਹਤਯਾਬ ਹੋ ਚੁੱਕੇ ਹਨ ਤੇ 94 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਜਾ ਚੁੱਕੀ ਹੈ। ਸਰਗਰਮ ਮਾਮਲੇ ਲਗਾਤਾਰ 10 ਲੱਖ ਤੋਂ ਘੱਟ ਬਣੇ ਹੋਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 92,043 ਮਰੀਜ਼ ਠੀਕ ਹੋਏ ਹਨ ਜਦਕਿ 88,600 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਵਿਚ 76 ਫ਼ੀਸਦੀ ਸਿਰਫ਼ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।

ਇਨ੍ਹਾਂ ਵਿਚ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 23 ਹਜ਼ਾਰ ਤੇ ਆਂਧਰ ਪ੍ਰਦੇਸ਼ ਵਿਚ ਨੌਂ ਹਜ਼ਾਰ ਮਰੀਜ਼ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਤੋਂ ਇਹ ਸਿਲਸਿਲਾ ਜਾਰੀ ਹੈ। 90 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ ਤੇ 90 ਹਜ਼ਾਰ ਤੋਂ ਘੱਟ ਮਾਮਲੇ ਮਿਲ ਰਹੇ ਹਨ। ਮੰਤਰਾਲੇ ਮੁਤਾਬਕ ਅਜਿਹੇ ਮਰੀਜ਼ਾਂ ਦੀ ਤੁਰੰਤ ਪਛਾਣ ਤੇ ਬਿਹਤਰ ਇਲਾਜ ਕਾਰਨ ਇਹ ਸੰਭਵ ਹੋ ਪਾ ਰਿਹਾ ਹੈ। ਇਨਫੈਕਟਿਡਾਂ ਦਾ ਅੰਕੜਾ 59 ਲੱਖ 92 ਹਜ਼ਾਰ ਨੂੰ ਪਾਰ ਕਰ ਗਿਆ ਹੈ ਜਦਕਿ 49 ਲੱਖ 41 ਹਜ਼ਾਰ ਮਰੀਜ਼ ਹੁਣ ਤਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵੱਧ ਕੇ 82.46 ਹੋ ਗਈ ਹੈ। ਇਸ ਦੌਰਾਨ 1,124 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 94,503 'ਤੇ ਪੁੱਜ ਗਈ ਹੈ।