ਨਵੀਂ ਦਿੱਲੀ : ਭਾਰਤ ਦੇ ਫ਼ੌਜੀ ਟਿਕਾਣਿਆਂ 'ਤੇ ਪਾਕਿਸਤਾਨ ਦੇ ਹਵਾਈ ਹਮਲੇ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਬੁੱਧਵਾਰ ਨੂੰ ਨਾਕਾਮ ਕਰਦਿਆਂ ਪਾਕਿਸਤਾਨ ਦੇ ਇਕ ਐੱਫ-16 ਲੜਾਕੂ ਜਹਾਜ਼ ਨੂੰ ਡੇਗ ਲਿਆ। ਇਸ ਕਾਰਵਾਈ ਦੌਰਾਨ ਹਵਾਈ ਫ਼ੌਜ ਦਾ ਇਕ ਮਿਗ-21 ਜਹਾਜ਼ ਵੀ ਕੰਟਰੋਲ ਲਾਈਨ ਤੋਂ ਪਾਰ ਡਿੱਗ ਪਿਆ। ਪਾਕਿਸਤਾਨ ਨੇ ਮਿਗ ਨੂੰ ਸੁੱਟਣ ਦਾ ਦਾਅਵਾ ਕਰਦਿਆਂ ਪਾਇਲਟ ਨੂੰ ਬੰਦੀ ਬਣਾ ਲਿਆ। ਪਾਕਿਸਤਾਨ ਦੀ ਇਸ ਹਰਕਤ ਤੋਂ ਬਾਅਦ ਸਰਹੱਦ 'ਤੇ ਫ਼ੌਜੀ ਤਣਾਅ ਹੋਰ ਵੱਧ ਗਿਆ ਹੈ। ਭਾਰਤ ਨੇ ਇਸ ਹਿਮਾਕਤ 'ਤੇ ਪਾਕਿਸਤਾਨ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਆਪਣੀ ਸੁਰੱਖਿਆ ਤੇ ਪ੍ਭੂਸੱਤਾ ਦੀ ਰਾਖੀ ਲਈ ਸਖ਼ਤ ਕਾਰਵਾਈ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਤੋਂ ਉਹ ਗੁਰੇਜ਼ ਨਹੀਂ ਕਰੇਗਾ। ਭਾਰਤ ਦੀ ਚਿਤਾਵਨੀ ਤੋਂ ਸਾਫ਼ ਹੈ ਕਿ ਪਾਕਿਸਤਾਨ ਨੂੰ ਇਸ ਹਿਮਾਕਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਲਗਪਗ ਤੈਅ ਹੈ। ਹਵਾਈ ਹਮਲਾ ਕਰਨ ਦੀ ਪਾਕਿਸਤਾਨ ਦੀ ਜੁਰਅਤ ਨੂੰ ਵੇਖਦਿਆਂ ਹੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਨਾਲ ਅਗਲੀ ਜਵਾਬੀ ਕਾਰਵਾਈ ਦੀ ਰਣਨੀਤੀ 'ਤੇ ਡੂੰਘੀ ਵਿਚਾਰ-ਚਰਚਾ ਕੀਤੀ। ਆਹਲਾ ਸਿਆਸੀ ਤੇ ਫ਼ੌਜੀ ਲੀਡਰਸ਼ਿਪ ਵਿਚਾਲੇ ਪੂਰਾ ਦਿਨ ਹੋਈ ਵਿਚਾਰ-ਚਰਚਾ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਚਿਤਾਵਨੀ ਤੋਂ ਸਾਫ਼ ਹੈ ਕਿ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਹਰਕਤ ਦੀ ਭਾਰਤ ਅਣਦੇਖੀ ਨਹੀਂ ਕਰੇਗਾ।

ਤਿੰਨ ਪਾਕਿ ਜਹਾਜ਼ਾਂ ਨੇ ਕੀਤੀ ਘੁਸਪੈਠ

ਪਾਕਿ ਹਵਾਈ ਫ਼ੌਜ ਦੇ ਤਿੰਨ ਜਹਾਜ਼ਾਂ ਨੇ ਸਵੇਰੇ ਕਰੀਬ 10:20 ਵਜੇ ਨੌਸ਼ਹਿਰਾ ਦੇ ਕਲਾਲ ਇਲਾਕੇ ਤੋਂ ਰਾਜੌਰੀ ਇਲਾਕੇ 'ਚ ਭਾਰਤੀ ਹਵਾਈ ਸੀਮਾ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਹਵਾਈ ਫ਼ੌਜ ਦੇ ਮਿੱਗ ਜਹਾਜ਼ਾਂ ਨੇ ਇਨ੍ਹਾਂ ਪਾਕਿ ਜਹਾਜ਼ਾਂ ਨੂੰ ਵੇਖ ਕੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਪਾਕਿਸਤਾਨ ਦੇ ਇਕ ਐੱਫ-16 ਜਹਾਜ਼ ਕੰਟਰੋਲ ਲਾਈਨ ਤੋਂ ਪਾਰ ਜਾਂਦਿਆਂ-ਜਾਂਦਿਆਂ ਡੇਗ ਲਿਆ। ਭੱਜਦੇ ਪਾਕਿ ਜਹਾਜ਼ਾਂ ਨੇ ਭਾਰਤੀ ਇਲਾਕੇ ਦੇ ਖੇਤ 'ਚ ਤਿੰਨ ਬੰਬ ਸੁੱਟੇ ਜਿਸ ਕਾਰਨ ਇਕ ਬੱਚੀ ਜ਼ਖ਼ਮੀ ਹੋ ਗਈ। ਪਾਕਿ ਜਹਾਜ਼ਾਂ ਦਾ ਪਿੱਛਾ ਕਰਨ ਦੇ ਯਤਨ 'ਚ ਹੀ ਮਿਗ-21 ਜਹਾਜ਼ ਐੱਲਓਸੀ ਦੇ ਪਾਰ ਚਲੇ ਗਿਆ ਜਿਸ ਨੂੰ ਪਾਕਿ ਫ਼ੌਜ ਏਅਰ ਡਿਫੈਂਸ ਸਿਸਟਮ ਨੇ ਆਪਣੇ ਨਿਸ਼ਾਨੇ 'ਤੇ ਲੈ ਲਿਆ। ਮਿਗ-21 ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਰ ਵਰਤਮਾਨ ਨੇ ਜੈੱਟ ਜਹਾਜ਼ ਕ੍ਰੈਸ਼ ਹੁੰਦਾ ਵੇਖ ਜਾਨ ਬਚਾਉਣ ਲਈ ਇਜੈਕਟ ਕੀਤਾ।

ਭਾਰਤੀ ਪਾਇਲਟ ਨਾਲ ਬਦਸਲੂਕੀ

ਐੱਲਓਸੀ ਦੇ ਪਾਰ ਮਕਬੂਜ਼ਾ ਕਸ਼ਮੀਰ 'ਚ ਅਭਿਨੰਦਨ ਨੂੰ ਪਾਕਿ ਫ਼ੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਵੀਡੀਓ ਫੁਟੇਜ ਮੁਤਾਬਕ ਸਥਾਨਕ ਲੋਕਾਂ ਨੇ ਭਾਰਤੀ ਪਾਇਲਟ ਨਾਲ ਬਦਸਲੂਕੀ ਤੇ ਮਾਰਕੁੱਟ ਕੀਤੀ। ਹਾਲਾਂਕਿ ਪਾਕਿ ਫ਼ੌਜ ਨੇ ਬਾਅਦ 'ਚ ਉਨ੍ਹਾਂ ਨੂੰ ਸਹੀ ਸਲਾਮਤ ਰੱਖਣ ਦੀ ਗੱਲ ਕਹੀ।

ਹਵਾਈ ਫ਼ੌਜ ਦੀ ਮੁਸਤੈਦੀ ਨਾਲ ਨਾਕਾਮ ਹੋਇਆ ਯਤਨ

ਪਾਕਿਸਤਾਨੀ ਹਮਲੇ ਦੇ ਯਤਨਾਂ ਨੂੰ ਨਾਕਾਮ ਕੀਤੇ ਜਾਣ ਪਿੱਛੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੀ ਮੁਸਤੈਦੀ ਨਾਲ ਹਮਲੇ ਨੂੰ ਨਾਕਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਟਿਕਾਣੇ 'ਤੇ ਮੰਗਲਵਾਰ ਨੂੰ ਅੱਤਵਾਦ ਰੋਕੂ ਕਾਰਵਾਈ ਕੀਤੀ ਸੀ। ਜੈਸ਼ ਦੇ ਭਾਰਤ 'ਚ ਹੋਰ ਅੱਤਵਾਦੀ ਹਮਲੇ ਕਰਨ ਦੀ ਠੋਸ ਸੂਚਨਾ 'ਤੇ ਹਵਾਈ ਫ਼ੌਜ ਨੇ ਕਾਰਵਾਈ ਕੀਤੀ ਸੀ। ਪਰ ਪਾਕਿਸਤਾਨ ਨੇ ਆਪਣੀ ਹਵਾਈ ਫ਼ੌਜ ਜ਼ਰੀਏ ਬੁੱਧਵਾਰ ਨੂੰ ਸਾਡੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਰਵੀਸ਼ ਕੁਮਾਰ ਦੇ ਨਾਲ ਪ੍ਰੈੱਸ ਕਾਨਫਰੰਸ 'ਚ ਹਵਾਈ ਫ਼ੌਜ ਦੇ ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਵੀ ਮੌਜੂਦ ਸਨ ਪਰ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ।

ਇਮਰਾਨ ਖ਼ਾਨ ਨੇ ਕੀਤਾ ਝੂਠਾ ਦਾਅਵਾ

ਬਾਲਾਕੋਟ 'ਚ ਭਾਰਤੀ ਹਵਾਈ ਫ਼ੌਜ ਦੇ ਆਪ੍ਰੇਸ਼ਨ ਨਾਲ ਹੋਈ ਫਜ਼ੀਹਤ ਤੋਂ ਬੁਖਲਾਏ ਪਾਕਿਸਤਾਨ ਨੇ ਪਹਿਲਾਂ ਭਾਰਤ ਦੋ ਦੋ ਮਿਗ ਜਹਾਜ਼ਾਂ ਨੂੰ ਡੇਗਣ ਤੇ ਦੋ ਪਾਇਲਟਾਂ ਨੂੰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ। ਪਾਕਿ ਪ੍ਧਾਨ ਮੰਤਰੀ ਇਮਰਾਨ ਖ਼ਾਨ ਤਕ ਨੇ ਵੀ ਦੋ ਪਾਇਲਟਾਂ ਦੇ ਗਿ੍ਫ਼ਤ ਵਿਚ ਹੋਣ ਦਾ ਝੂਠਾ ਦਾਅਵਾ ਕੀਤਾ। ਪਰ ਬਾਅਦ 'ਚ ਸ਼ਾਮ ਨੂੰ ਪਾਕਿਸਤਾਨੀ ਫ਼ੌਜੀ ਬੁਲਾਰੇ ਨੇ ਸੱਚ ਕਬੂਲਦਿਆਂ ਕੇਵਲ ਇਕ ਭਾਰਤੀ ਪਾਇਲਟ ਅਭਿਨੰਦਰ ਦੇ ਉਸ ਦੇ ਕਬਜ਼ੇ 'ਚ ਹੋਣ ਦੀ ਗੱਲ ਕਹੀ।