ਜੇਐੱਨਐੱਨ, ਲਖਨਊ : ਮੰਗਲਵਾਰ ਰਾਤ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ। ਉੱਥੇ ਹੀ 8 ਅਪ੍ਰੈਲ ਨੂੰ ਪੁੰਨਿਆ ਦਾ ਚੰਦ ਯਾਨੀ ਸੁਪਰਮੂਨ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇੰਦਰਾ ਗਾਂਧੀ ਨਛੱਤਰ ਸ਼ਾਲਾ ਦੇ ਵਿਗਿਆਨਕ ਅਧਿਕਾਰੀ ਸੁਮਿਤ ਸ਼੍ਰੀਵਾਸਤਵ ਦੱਸਦੇ ਹਨ ਕਿ ਮੰਗਲਵਾਰ ਰਾਤ 11 ਵਜ ਕੇ 38 ਮਿੰਟ 'ਤੇ ਚੰਦਰਮਾ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੋਵੇਗਾ। ਇਸ ਵੇਲੇ ਚੰਦਰਮਾ ਦੀ ਧਰਤੀ ਤੋਂ ਦੂਰੀ ਸਿਰਫ਼ 3,56,900 ਕਿੱਲੋਮੀਟਰ ਰਹਿ ਜਾਵੇਗੀ।

ਦਿਨ ਵੇਲੇ ਨਹੀਂ ਹੋਣਗੇ ਦੀਦਾਰ

ਖਗੋਲ ਵਿਗਿਆਨ ਅਨੁਸਾਰ ਚੰਦਰਮਾ ਦੀ ਇਹ ਸਥਿਤੀ ਪੇਰਿਗੀ ਦੀ ਹਾਲਤ ਅਖਵਾਉਂਦੀ ਹੈ। ਇਸ ਸਮੇਂ ਤੋਂ ਹੀ ਚੰਦਰਮਾ ਸਾਨੂੰ ਕਾਫ਼ੀ ਵੱਡਾ ਦਿਖਣਾ ਸ਼ੁਰੂ ਹੋ ਜਾਵੇਗਾ, ਪਰ ਸੁਪਰ ਮੂਨ ਦੇਖਣ ਲਈ ਸਾਨੂੰ ਬੁੱਧਵਾਰ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪੁੰਨਿਆ ਅਗਲੇ ਦਿਨ ਯਾਨੀ 8 ਅਪ੍ਰੈਲ ਨੂੰ ਹੈ। ਦਿਨ ਦੇ ਉਜਾਲੇ 'ਚ ਅਸੀਂ ਸੁਪਰਮੂਨ ਦੇ ਦੀਦਾਰ ਨਹੀਂ ਕਰ ਸਕਾਂਗੇ ਇਸ ਲਈ ਬੁੱਧਵਾਰ ਨੂੰ ਸੂਰਜ ਛਿਪਣ ਦੇ ਤੁਰੰਤ ਬਾਅਦ ਸੁਪਰ ਮੂਨ ਦੇ ਅਦਭੁਤ ਨਜ਼ਾਰੇ ਨੂੰ ਪੂਰੀ ਰਾਤ ਦੇਖਿਆ ਜਾ ਸਕੇਗਾ ਕਿਉਂਕਿ 8 ਅਪ੍ਰੈਲ ਨੂੰ ਚੰਦਰਮਾ ਅਸਤ ਨਹੀਂ ਹੋਵੇਗਾ।

ਸੁਪਰਮੂਨ ਇਕ ਵਿਲੱਖਣ ਘਟਨਾ

ਆਮ ਤੌਰ 'ਤੇ ਧਰਤੀ ਦੀ ਚੰਦਰਮਾ ਤੋਂ ਦੂਰੀ 3,84,400 ਕਿੱਲੋਮੀਟਰ ਮੰਨੀ ਜਾਂਦੀ ਹੈ ਤੇ ਚੰਦਰਮਾ ਦੇ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰ ਹੋਣ ਕਾਰਨ ਇਹ ਦੂਰੀ ਲਗਪਗ 4,05,696 ਕਿੱਲੋਮੀਟਰ ਹੋ ਜਾਂਦੀ ਹੈ। ਇਸ ਨੂੰ ਖਗੋਲ ਵਿਗਿਆਨ 'ਚ ਅਪੋਗੀ ਦੀ ਸਥਿਤੀ ਕਹਿੰਦੇ ਹਨ। ਸੁਪਰਮੂਨ ਇਕ ਵਿਲੱਖਣ ਘਟਨਾ ਹੈ ਜਿਸ ਦਾ ਅਸੀਂ ਦੀਦਾਰ ਕਰ ਸਕਾਂਗੇ, ਇਸ ਪੂਰੇ ਸਾਲ ਚੰਦਰਮਾ ਧਰਤੀ ਦੇ ਇੰਨਾ ਨੇੜੇ ਕਦੀ ਨਹੀਂ ਆਵੇਗਾ। ਸੁਮਿਤ ਦੱਸਦੇ ਹਨ ਕਿ ਚੰਦਰਮਾ ਦੇ ਪੈਰੀਗੀ ਸਥਿਤੀ 'ਚ ਪਹੁੰਚਣ ਦੇ ਠੀਕ 8 ਘੰਟੇ 35 ਮਿੰਟ ਬਾਅਦ ਚੰਦਰਮਾ ਦੀ ਪੁੰਨਿਆ ਦੀ ਅਵਸਥਾ ਆਵੇਗੀ। ਕਿਉਂਕਿ ਇਹ ਬੁੱਧਵਾਰ ਦੀ ਸਵੇਰੇ 8:05 ਵਜੇ ਨਜ਼ਰ ਆਵੇਗਾ ਤੇ ਇਸ ਵੇਲੇ ਸੂਰਜ ਚੜ੍ਹ ਚੁੱਕਾ ਹੋਵੇਗਾ, ਇਸ ਲਈ ਸਾਨੂੰ ਸੁਪਰਮੂਨ ਦੇਖਣ ਲਈ ਰਾਤ ਤਕ ਦਾ ਇੰਤਜ਼ਾਰ ਕਰਨਾ ਪਵੇਗਾ। 8 ਅਪ੍ਰੈਲ ਦੀ ਪੂਰੀ ਰਾਤ ਅਸੀਂ ਸੁਪਰ ਮੂਨ ਦੇਖ ਸਕਾਂਗੇ।

Posted By: Seema Anand