ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਮੰਦੀ ਦਾ ਸਾਹਮਣਾ ਕਰ ਰਹੇ ਅਰਥਚਾਰੇ ਨੂੰ ਸੰਭਾਲਣ ਵਿਚ ਲੱਗੀ ਕੇਂਦਰ ਸਰਕਾਰ ਨੂੰ ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਸਾਵਧਾਨ ਕੀਤਾ ਹੈ। ਮੂਡੀਜ਼ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਭਾਰਤੀ ਅਰਥਚਾਰੇ ਦੇ ਕ੍ਰੈਡਿਟ ਰੇਟਿੰਗ ਆਊਟਲੁਕ ਨੂੰ ਸਥਿਰ ਤੋਂ ਘਟਾ ਕੇ ਨਕਾਰਾਤਮਕ ਕਰ ਦਿੱਤਾ ਹੈ। ਏਜੰਸੀ ਨੇ ਭਾਰਤੀ ਅਰਥ-ਵਿਵਸਥਾ ਵਿਚ ਨੇੜਲੇ ਭਵਿੱਖ ਵਿਚ ਸੁਧਾਰ ਦੀਆਂ ਸੰਭਾਵਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਆਰਥਿਕ ਸੁਸਤੀ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਵੀ ਨਾਕਾਫ਼ੀ ਦੱਸਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਮੰਦੀ ਦੂਰ ਕਰਨ ਦੇ ਸਰਕਾਰੀ ਉਪਾਆਂ ਨੂੰ ਵੀ ਮੂਡੀਜ਼ ਨੇ ਖ਼ਾਸ ਤਵੱਜੋ ਨਹੀਂ ਦਿੱਤੀ ਹੈ। ਏਜੰਸੀ ਨੇ ਇਥੋਂ ਤਕ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਘਰੇਲੂ ਅਰਥ-ਵਿਵਸਥਾ ਦੀਆਂ ਕਮੀਆਂ ਨੂੰ ਦੂਰ ਕਰਨ ਵਿਚ ਮਦਦ ਮਿਲਣ ਦੀ ਉਮੀਦ ਨਾ ਦੇ ਬਰਾਬਰ ਹੈ।

ਮੂਡੀਜ਼ ਰੇਟਿੰਗ ਏਜੰਸੀ ਦੀ ਇਹ ਰਿਪੋਰਟ ਤਦ ਆਈ ਹੈ ਜਦੋਂ ਸਰਕਾਰ ਦੁਨੀਆ ਦੀਆਂ ਪ੍ਰਮੁੱਖ ਰੇਟਿੰਗ ਏਜੰਸੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਅਤੇ ਉਨ੍ਹਾਂ ਸਾਹਮਣੇ ਅਰਥਚਾਰੇ ਦੀ ਮਜ਼ਬੂਤੀ ਦੇ ਪੱਖ ਵਿਚ ਤਰਕ ਰੱਖ ਰਹੀ ਹੈ। ਵਿਸ਼ਵ ਭਰ ਵਿਚ ਚੱਲ ਰਹੇ ਮੰਦੇ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਵਿਦੇਸ਼ੀ ਨਿਵੇਸ਼ਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵੀ ਤੇਜ਼ ਹੋ ਰਹੀ ਹੈ। ਅਜਿਹੇ ਸਮੇਂ ਮੂਡੀਜ਼ ਦੀ ਇਹ ਰਿਪੋਰਟ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਨਿਵੇਸ਼ਕ ਕਿਸੇ ਵੀ ਦੇਸ਼ ਦੀ ਰੇਟਿੰਗ ਦੇਖ ਕੇ ਹੀ ਨਿਵੇਸ਼ ਸਬੰਧੀ ਫ਼ੈਸਲੇ ਕਰਦੇ ਹਨ। ਤਕਨੀਕੀ ਤੌਰ 'ਤੇ ਭਾਰਤ ਦੀ ਕਰਜ਼ ਰੇਟਿੰਗ ਫਿਲਹਾਲ 'ਬੀਏਏ-2' ਹੈ ਪ੍ਰੰਤੂ ਅਰਥਚਾਰੇ ਲਈ ਮੂਡੀਜ਼ ਵੱਲੋਂ ਨਕਾਰਾਤਮਕ ਬਿਆਨਬਾਜ਼ੀ ਨਿਵੇਸ਼ ਦੇ ਮਾਹੌਲ ਲਈ ਚੰਗੀ ਗੱਲ ਨਹੀਂ ਹੈ। ਸਾਲ 2017 'ਚ ਮੂਡੀਜ਼ ਨੇ 12 ਸਾਲਾਂ ਪਿੱਛੋਂ ਭਾਰਤ ਦੇ ਕਰੈਡਿਟ ਰੇਟਿੰਗ 'ਬੀਏਏ-3' (ਪਾਜ਼ੀਟਿਵ) ਤੋਂ ਸੁਧਾਰ ਕੇ 'ਬੀਏਏ-2' (ਸਥਿਰ) ਕੀਤੀ ਸੀ। ਹੁਣ ਮੂਡੀਜ਼ ਨੇ ਇਹ ਸੰਕੇਤ ਦਿੱਤਾ ਹੈ ਕਿ ਜੇਕਰ ਭਾਰਤੀ ਅਰਥ-ਵਿਵਸਥਾ ਵਿਚ ਸੁਧਾਰ ਨਾ ਹੋਇਆ ਤਾਂ ਉਹ ਰੇਟਿੰਗ ਘਟਾ ਸਕਦੀ ਹੈ। ਮੂਡੀਜ਼ ਨੇ ਅਗਲੇ ਸਾਲ ਦੌਰਾਨ ਭਾਰਤ ਦੀ ਵਿਕਾਸ ਦਰ 6.6 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਹੈ।