ਜੇਐੱਨਐੱਨ, ਨਵੀਂ ਦਿੱਲੀ : ਦੇਰ ਨਾਲ ਆਇਆ ਮੌਨਸੂਨ ਇਸ ਵਾਰ ਦਿੱਲੀ-ਐੱਨਸੀਆਰ ਤੋਂ ਵਿਦਾਈ ਵੀ ਦੇਰ ਨਾਲ ਹੀ ਲਵੇਗਾ। ਇਹ ਦੇਰੀ ਇਸ ਦੀ ਆਮ ਤਰੀਕ ਤੋਂ ਦਸ ਦਿਨ ਅੱਗੇ ਤਕ ਹੋ ਸਕਦੀ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਹਾਲੇ ਬਾਰਿਸ਼ ਦਾ ਦੌਰ ਚੱਲ ਹੀ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਚੰਗੀ ਬਾਰਿਸ਼ ਦੇ ਘੱਟ ਤੋਂ ਘੱਟ ਦੋ ਦੌਰ ਹੋਰ ਹੋ ਸਕਦੇ ਹਨ। ਇਹੀ ਵਜ੍ਹਾ ਹੈ ਕਿ ਮੌਸਮ ਵਿਭਾਗ ਮੌਨਸੂਨ ਦੀ ਵਿਦਾਈ ਨੂੰ ਲੈ ਕੇ ਹਾਲ ਫ਼ਿਲਹਾਲ ਕੁਝ ਵੀ ਦੱਸ ਸਕਣ ਦੀ ਸਥਿਤੀ ਵਿਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਦਿੱਲੀ-ਐੱਨਸੀਆਰ ਵਿਚ ਮੌਨਸੂਨ ਦਾ ਸੀਜ਼ਨ ਜੂਨ ਤੋਂ ਸਤੰਬਰ ਦੇ ਦਰਮਿਆਨ ਹੁੰਦਾ ਹੈ। ਇਸ ਦੀ ਦਸਤਕ 27 ਜੂਨ ਅਤੇ ਵਿਦਾਈ 25 ਸਤੰਬਰ ਤਕ ਹੁੰਦੀ ਹੈ ਪਰ ਇਸ ਵਾਰ ਮੌਨਸੂਨ ਨੇ ਦਸਤਕ ਜਿੱਥੇ 13 ਜੁਲਾਈ ਨੂੰ ਦਿੱਤੀ ਸੀ, ਉੱਥੇ ਇਸ ਦੀ ਵਿਦਾਈ ਵੀ ਅੱਗੇ ਖਿਸਕਣ ਵਾਲੀ ਹੈ। ਇਹ ਵਿਦਾਈ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਹੋ ਸਕਦੀ ਹੈ।

ਮੌਸਮ ਵਿਭਾਗ ਦੇ ਮੁਤਾਬਕ, ਵੀਰਵਾਰ ਤੇ ਸ਼ੁੱਕਰਵਾਰ ਨੂੰ ਤਾਂ ਤੇਜ਼ ਬਾਰਿਸ਼ ਹੋਣ ਦਾ ਅਗਾਊਂ ਅੰਦਾਜ਼ਾ ਹੈ। ਉੱਥੇ 19 ਤਰੀਕ ਨੂੰ ਬੰਗਾਲ ਦੀ ਖਾੜੀ ਵਿਚ ਫਿਰ ਤੋਂ ਇਕ ਨਵਾਂ ਸਿਸਟਮ ਵਿਕਸਿਤ ਹੋਣ ਦੀ ਸੰਭਾਵਨਾ ਬਣ ਰਹੀ ਹੈ, ਜਿਸਦਾ ਅਸਰ 24 ਤੋਂ 25 ਸਤੰਬਰ ਤਕ ਰਹੇਗਾ। ਇਸ ਤੋਂ ਬਾਅਦ ਵੀ ਅਗਲੇ ਕਈ ਦਿਨ ਤਕ ਹਲਕੀ ਬਾਰਿਸ਼ ਹੁੰਦੇ ਰਹਿਣ ਦੀ ਸੰਭਾਵਨਾ ਹੈ। ਮੌਨਸੂਨ ਦੀ ਦਸਤਕ ਅਤੇ ਵਿਦਾਈ, ਦੋਵਾਂ ਵਿਚ ਹੀ ਦੇਰ ਹੋਣ ਨੂੰ ਜਲਵਾਯੂ ਤਬਦੀਲੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਵਾਰ ਮੌਨਸੂਨ ਦੀ ਬਾਰਿਸ਼ ਦੇ ਪੈਟਰਨ ਵਿਚ ਵੀ ਖ਼ਾਸਾ ਬਦਲਾਅ ਦੇਖਣ ਨੂੰ ਮਿਲਿਆ ਹੈ। ਆਮ ਤੌਰ ’ਤੇ ਪੂਰੇ ਮੌਨਸੂਨ ਵਿਚ ਦੋ-ਤਿੰਨ ਵਾਰ ਹੀ ਭਾਰੀ ਬਾਰਿਸ਼ ਹੁੰਦੀ ਹੈ, ਜਦਕਿ ਇਸ ਵਾਰ ਅਜਿਹਾ ਸੱਤ ਵਾਰ ਹੋਇਆ।

Posted By: Jatinder Singh