ਜਾਗਰਣ ਬਿਊਰੋ, ਨਵੀਂ ਦਿੱਲੀ : ਚਾਲੂ ਮੌਨਸੂਨ ਸੀਜ਼ਨ 'ਚ ਆਮ ਬਾਰਿਸ਼ ਦਾ ਅਨੁਮਾਨ ਹੈ, ਜੋ ਕਾਸ਼ਤਕਾਰੀ ਆਧਾਰਿਤ ਅਰਥਚਾਰੇ ਵਾਲੇ ਭਾਰਤ ਦੇ ਕਿਸਾਨਾਂ ਲਈ ਬਿਹਤਰ ਸਾਬਤ ਹੋਵੇਗਾ। ਖੇਤੀਬਾੜੀ ਭਰਪੂਰ ਰਹੇਗੀ ਤੇ ਦੇਸ਼ ਦੀ ਵਿੱਤੀ ਸਿਹਤ ਵੀ ਸੁਧਰੇਗੀ। ਸਾਲ 2019 ਦਾ ਮੌਨਸੂਨ ਅਲ-ਨੀਨੋ ਦੇ ਪ੍ਰਭਾਵ ਦੇ ਖ਼ਤਰੇ ਤੋਂ ਬਾਹਰ ਰਹੇਗਾ। ਮੌਸਮ ਵਿਭਾਗ ਨੇ ਸੋਮਵਾਰ ਨੂੰ ਚਾਲੂ ਸਾਲ 'ਚ ਦੱਖਣ-ਪੱਛਮੀ ਮੌਨਸੂਨ ਦਾ ਪਹਿਲੀ ਪੇਸ਼ੀਨਗੋਈ ਜਾਰੀ ਕੀਤੀ ਹੈ।

ਪਿ੍ਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾਕਟਰ ਐੱਮ ਰਾਜੀਵਨ ਤੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਕੇ ਜੇ ਰਮੇਸ਼ ਨੇ ਕਿਹਾ ਕਿ ਮੌਨਸੂਨ ਦੌਰਾਨ ਜੂਨ ਤੋਂ ਸਤੰਬਰ ਤਕ ਬਾਰਿਸ਼ ਲਗਪਗ ਸਾਧਾਰਨ ਰਹਿਣ ਦਾ ਅਨੁਮਾਨ ਹੈ। ਲੰਬੀ ਮਿਆਦ ਵਾਲੀ ਬਾਰਿਸ਼ ਦੀ ਔਸਤ ਦਾ 96 ਫ਼ੀਸਦੀ ਬਰਸਾਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਮੌਨਸੂਨ 'ਤੇ ਅਲ-ਨੀਨੋ ਦੇ ਖ਼ਦਸ਼ੇ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਅਲ-ਨੀਨੋ ਦੀਆਂ ਸਥਿਤੀਆਂ ਕਮਜ਼ੋਰ ਰਹਿਣਗੀਆਂ।

ਮੌਨਸੂਨ ਦੇ ਆਖ਼ਰੀ ਦੋ ਮਹੀਨਿਆਂ 'ਚ ਬਹੁਤ ਬਹੁਤ ਚੰਗੀ ਬਾਰਿਸ਼ ਦਾ ਅਨੁਮਾਨ ਹੈ। ਇਸ ਦੌਰਾਨ ਅਲ-ਨੀਨੋ ਦੀ ਤੀਬਰਤਾ ਦੇ ਘੱਟ ਰਹਿਣ ਦੇ ਆਸਾਰ ਹਨ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਵਾਰ ਮੌਨਸੂਨ ਸੀਜ਼ਨ 'ਚ ਬਾਰਿਸ਼ ਦੀ ਵੰਡ ਬਹੁਤ ਚੰਗੀ ਰਹਿਣ ਵਾਲੀ ਹੈ, ਜੋ ਖੇਤੀ ਦੇ ਲਿਹਾਜ਼ ਨਾਲ ਬਹੁਚ ਚੰਗਾ ਰਹੇਗਾ।

ਦੇਸ਼ ਦੀ 50 ਫ਼ੀਸਦੀ ਖੇਤੀ ਅਣਸਿੰਜੀ ਹੈ ਜੋ ਪੂਰੀ ਤਰ੍ਹਾਂ ਬਰਸਾਤ 'ਤੇ ਆਧਾਰਿਤ ਹੈ। ਦੇਸ਼ ਦੇ ਅਰਥਚਾਰੇ 'ਚ ਕਾਸ਼ਤਕਾਰੀ ਦੀ ਹਿੱਸੇਦਾਰੀ 15 ਫ਼ੀਸਦੀ ਹੈ। ਮੌਨਸੂਨ ਦੀ ਬਾਰਿਸ਼ ਨਾਲ ਦੇਸ਼ ਦੀ ਖੇਤੀ ਦੇ ਪ੍ਰਭਾਵਿਤ ਹੋਣ ਦਾ ਸਿੱਧਾ ਅਸਰ ਅਰਥਚਾਰੇ 'ਤੇ ਪੈਂਦਾ ਹੈ। ਖ਼ਰੀਫ਼ ਦੇ ਸੀਜ਼ਨ 'ਚ ਪ੍ਰਮੁੱਖ ਫ਼ਸਲਾਂ ਚੌਲ, ਗੰਨਾ, ਮੱਕੀ, ਕਪਾਹ ਅਤੇ ਸੋਇਆਬੀਨ ਦੀ ਖੇਤੀ ਹੁੰਦੀ ਹੈ।

ਮੌਨਸੂਨ ਦੀ ਦੂਜੀ ਪੇਸ਼ੀਨਗੋਈ ਜੂਨ ਦੇ ਪਹਿਲੇ ਹਫ਼ਤੇ 'ਚ ਜਾਰੀ ਕੀਤੀ ਜਾਵੇਗੀ ਜੋ ਕਾਫ਼ੀ ਵਿਸਥਾਰ 'ਚ ਤੇ ਸਟੀਕ ਹੁੰਦੀ ਹੈ। ਦੇਸ਼ 'ਚ ਹੋਣ ਵਾਲੀ ਕੁਲ ਬਾਰਿਸ਼ ਦਾ 70 ਫ਼ੀਸਦੀ ਹਿੱਸਾ ਮੌਨਸੂਨ ਸੀਜ਼ਨ 'ਚ ਹੁੰਦੀ ਹੈ। ਇਸ ਦੀ ਸ਼ੁਰੂਆਤ ਮਈ ਦੇ ਆਖਰੀ ਹਫ਼ਤੇ 'ਚ ਹੁੰਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਲਮੀ ਪੱਧਰ 'ਤੇ ਅਲ-ਨੀਨੋ ਵਰਗੀਆਂ ਸਥਿਤੀਆਂ ਦਾ ਅਧਿਐਨ ਡੂੰਘੇ ਰੂਪ 'ਚ ਕੀਤਾ ਜਾਂਦਾ ਹੈ। ਪ੍ਰਸ਼ਾਂਤ ਤੇ ਹਿੰਦ ਮਹਾਸਾਗਰ ਦੀ ਸਤ੍ਹਾ 'ਤੇ ਤਾਪਮਾਨ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

ਸਾਲ 2014 ਤੇ 2015 'ਚ ਇਸੇ ਅਲ-ਨੀਨੋ ਦੇ ਪ੍ਰਭਾਵ ਦੇ ਚੱਲਦਿਆਂ ਭਾਰਤ 'ਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਸਨ। ਪਰ ਸਾਲ 2016 'ਚ ਜੂਨ ਤੋਂ ਸਤੰਬਰ ਵਿਚਾਲੇ ਮੌਨਸੂਨ ਦੀ ਚੰਗੀ ਬਾਰਿਸ਼ ਹੋਈ। ਮੌਸਮ ਵਿਗਿਆਨੀਆਂ ਨੂੰ ਅਲ-ਨੀਨੋ ਦੇ ਉਲਟ ਪ੍ਰਭਾਵ ਦੀ ਕੋਈ ਸੰਭਾਵਨਾ ਨਹੀਂ ਦਿਸਦੀ ਹੈ। ਇਸ ਤੋਂ ਪਹਿਲਾਂ ਮੌਸਮ ਦਾ ਪੂਰਵ ਅਨੁਮਾਨ ਜਾਰੀ ਕਰਨ ਵਾਲੀ ਇਕ ਨਿੱਜੀ ਏਜੰਸੀ ਸਕਾਈਮੈਟ ਨੇ ਜੂਨ ਤੋਂ ਸਤੰਬਰ ਵਿਚਕਾਰ ਹੋਣ ਵਾਲੀ ਮੌਨਸੂਨ ਦੀ ਬਾਰਿਸ਼ 'ਤੇ ਅਲ-ਨੀਨੋ ਦਾ ਪ੍ਰਭਾਵ ਦਾ ਹਵਾਲਾ ਦੇ ਕੇ ਘੱਟ ਬਾਰਿਸ਼ ਦਾ ਅਨੁਮਾਨ ਪ੍ਰਗਟ ਕੀਤਾ ਸੀ।