ਨਈ ਦੁਨੀਆ, ਨਵੀਂ ਦਿੱਲੀ : Monsoon 2020 : ਦੇਸ਼ ਵਿਚ ਇਸ ਵੇਲੇ ਪ੍ਰੀ-ਮੌਨਸੂਨ ਦਾ ਅਸਰ ਦੇਖਿਆ ਜਾ ਰਿਹਾ ਹੈ। ਸਾਲ 2020 ਦਾ ਮੌਨਸੂਨ ਸੀਜ਼ਨ ਹੁਣ ਸ਼ੁਰੂ ਹੀ ਹੋਣ ਵਾਲਾ ਹੈ। 4 ਮਹੀਨਿਆਂ ਦੇ ਇਸ ਮੌਨਸੂਨ ਸੀਜ਼ਨ ਸਬੰਧੀ ਇਸ ਵਾਰ ਦੇਸ਼ ਭਰ 'ਚ ਉਮੀਦਾਂ ਤੇ ਕਿਆਸਅਰੀਆਂ ਦਾ ਦੌਰ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਮੌਨਸੂਨ 'ਤੇ ਹੀ ਦੇਸ਼ ਦੀ ਅਰਥਵਿਵਸਥਾ ਟਿਕੀ ਹੁੰਦੀ ਹੈ। ਚੰਗਾ ਮੌਨਸੂਨ ਹੋਵੇ ਜਾਂ ਖ਼ਰਾਬ, ਦੋਵੇਂ ਹਾਲਾਤ 'ਚ ਦੇਸ਼ ਦੀ ਖੇਤੀ ਤੇ ਬਾਜ਼ਾਰ ਪ੍ਰਭਾਵਿਤ ਹੁੰਦੇ ਹਨ। ਦੇਸ਼ ਵਿਚ ਮੌਨਸੂਨ ਦੀ ਆਮਦ ਸਭ ਤੋਂ ਪਹਿਲਾਂ ਅੰਡੇਮਾਨ ਸਾਗਰ 'ਚ ਹੁੰਦੀ ਹੈ। ਇਸ ਤੋਂ ਬਾਅਦ ਕੇਰਲ ਤੇ ਮੁੰਬਈ ਤੋਂ ਹੁੰਦੇ ਹੋਏ ਇਹ ਪੂਰੇ ਦੇਸ਼ ਵਿਚ ਛਾ ਜਾਂਦਾ ਹੈ। ਅਮੂਮਨ 1 ਜੂਨ ਨੂੰ ਕੇਰਲ ਤਕ ਆਉਣ ਤੋਂ 10 ਦਿਨ ਪਹਿਲਾਂ ਮੌਨਸੂਨ ਅੰਡੇਮਾਨ ਸਾਗਰ 'ਚ ਦਸਤਕ ਦੇ ਦਿੰਦਾ ਹੈ। ਦੱਖਣੀ-ਪੱਛਮੀ ਮੌਨਸੂਨ ਆਮਤੌਰ 'ਤੇ 20 ਮਈ ਦੇ ਆਸ-ਪਾਸ ਹੀ ਅੰਡੇਮਾਨ ਸਾਗਰ ਤਕ ਪਹੁੰਚਦਾ ਹੈ। ਇਸ ਦੇ 5 ਦਿਨਾਂ ਬਾਅਦ ਇਹ ਸ੍ਰੀਲੰਕਾ 'ਚ 25 ਮਈ ਤਕ ਦਸਤਕ ਦੇ ਦਿੰਦਾ ਹੈ। ਭਾਰਤ ਦੇ ਮੁੱਖ ਜ਼ਮੀਨੀ ਹਿੱਸੇ 'ਤੇ ਕੇਰਲ ਰਸਤੇ 1 ਜੂਨ ਨੂੰ ਆਮਤੌਰ 'ਤੇ ਮੌਨਸੂਨ ਦੇ 4 ਮਹੀਨਿਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।

ਬਦਲ ਗਿਆ ਹੈ ਮੌਨਸੂਨ ਦਾ ਮਿਜ਼ਾਜ

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲਾਂ 'ਚ ਮੌਨਸੂਨ ਦੇ ਆਗਮਨ ਤੇ ਖ਼ਤਮ ਹੋਣ ਦਾ ਸਮਾਂ ਬਦਲ ਚੁੱਕਾ ਹੈ। ਇਸ ਵਿਚ ਕਰੀਬ ਇਕ ਹਫ਼ਤੇ ਦਾ ਵਕਫ਼ਾ ਆਇਆ ਹੈ। ਖਾਸ ਤੌਰ 'ਤੇ ਮੱਧ ਤੇ ਪੂਰਬੀ ਭਾਰਤ ਦੇ ਹਿੱਸਿਆਂ 'ਚ 3 ਤੋਂ 7 ਦਿਨਾਂ ਦੀ ਦੇਰੀ ਨਾਲ ਇਸ ਵਾਰ ਮੌਨਸੂਨ ਦਾ ਆਗਮਨ ਹੋਵੇਗਾ। ਦੂਸਰੇ ਪਾਸੇ, ਉੱਤਰੀ-ਪੱਛਮੀ ਭਾਰਤ 'ਚ ਪਹਿਲਾਂ ਆਗਮਨ ਤੇ ਦੇਰੀ ਨਾਲ ਸਮਾਪਤੀ ਦੀ ਤਾਰੀਕ ਤੈਅ ਕੀਤੀ ਗਈ ਹੈ।

ਵਾਰ ਕਿਸ ਸੂਬੇ 'ਚ ਕਦੋਂ ਤਕ ਪੁੱਜੇਗਾ ਮੌਨਸੂਨ

ਦੇਸ਼ ਵਿਚ ਮੌਨਸੂਨ ਦਾ ਆਗਮਨ ਇਸ ਵਾਰ ਥੋੜ੍ਹਾ ਦੇਰ ਨਾਲ ਹੋਵੇਗਾ। ਸਕਾਈਮੈੱਟ ਵੈਦਰ ਅਨੁਸਾਰ ਆਮਤੌਰ 'ਤੇ ਇਹ ਜੂਨ ਦੇ ਪਹਿਲੇ ਹਫ਼ਤੇ ਦੇਸ਼ ਵਿਚ ਆ ਜਾਂਦਾ ਹੈ ਪਰ ਇਸ ਵਾਰ ਇਸ ਨੂੰ ਦੂਸਰਾ ਹਫ਼ਤਾ ਲਗ ਸਕਦਾ ਹੈ। ਇਸ ਲੜੀ 'ਚ ਮੁੰਬਈ 'ਚ ਮੌਨਸੂਨ ਜੂਨ ਦੇ ਦੂਸਰੇ ਹਫ਼ਤੇ ਤਕ ਆਉਣ ਦੀ ਸੰਭਾਵਨਾ ਹੈ। ਇਹ 11 ਜੂਨ ਤਕ ਆਮਦ ਦੇ ਸਕਦਾ ਹੈ। ਤੇਲੰਗਾਨਾ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਮੌਨਸੂਨ ਇਸ ਵਾਰ 3 ਤੋਂ 7 ਦਿਨ ਪਹਿਲਾਂ ਜਾਂ ਇੰਨੀ ਹੀ ਦੇਰ ਨਾਲ ਆਉਣ ਦੀ ਸੰਭਾਵਨਾ ਹੈ। ਉੱਤਰੀ ਤੇ ਪੱਛਮੀ ਭਾਰਤ 'ਚ ਮੌਨਸੂਨ 15 ਜੁਲਾਈ ਦੀ ਬਜਾਏ ਇਸ ਵਾਰ 8 ਜੁਲਾਈ ਤੋਂ ਹੀ ਦੇਖਿਆ ਜਾ ਸਕਦਾ ਹੈ। ਰਾਜਧਾਨੀ ਦਿੱਲੀ 'ਚ ਮੌਨਸੂਨ ਦਾ ਸਮਾਂ ਥੋੜ੍ਹਾ ਜ਼ਿਆਦਾ ਰਹੇਗਾ। ਇਹ 29 ਸਤੰਬਰ ਦੀ ਬਜਾਏ 8 ਅਕਤੂਬਰ ਤਕ ਕਾਇਮ ਰਹਿ ਸਕਦਾ ਹੈ।

ਮਈ ਦਾ ਦੂਸਰਾ ਹਫਤਾ ਹੁੰਦਾ ਹੈ ਅਹਿਮ

ਮਈ ਦਾ ਦੂਸਰਾ ਹਫ਼ਤਾ ਇਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਹਰ ਸਾਲ ਮੌਨਸੂਨ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਦੀ ਸਹੀ ਤਸਵੀਰ ਸਪੱਸ਼ਟ ਹੋਣ ਲਗਦੀ ਹੈ। ਪੂਰਬ ਦਿਸ਼ਾ ਵੱਲੋਂ ਆਉਣ ਵਾਲੀਆਂ ਟਰੇਡ ਵਿੰਡਜ਼ ਭੂ-ਮੱਧ ਰੇਖਾ ਨੂੰ ਪਾਰ ਕਰਨ ਲੱਗੀਆਂ ਹਨ। ਇਸ ਤੋਂ ਬਾਅਦ 12 ਮਈ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਦੱਖਣੀ-ਪੱਛਮੀ ਹਿੱਸਿਆਂ 'ਤੇ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਨਤੀਜੇ ਵਜੋਂ ਬੰਗਾਲ ਦੀ ਖਾੜੀ ਤੋਂ ਪੱਛਮੀ ਦਿਸ਼ਾ ਵਿਚ ਜਾਣ ਵਾਲੀ ਮੌਨਸੂਨ ਕਰੰਟ ਦੇ ਹੋਰ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ।

Posted By: Seema Anand