ਨੀਲੂ ਰੰਜਨ, ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ ਰਾਜਧਾਨੀ ਦਿੱਲੀ 'ਚ ਹੁੱਲੜਬਾਜ਼ੀ ਕਰਨ ਵਾਲੇ ਕਿਸਾਨ ਆਗੂਆਂ 'ਤੇ ਮਨੀ ਲਾਂਡਿ੍ੰਗ ਦਾ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਦਿੱਲੀ ਪੁਲਿਸ ਦੀ ਐੱਫਆਈਆਰ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਿ੍ੰਗ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕਰਨ 'ਤੇ ਵਿਚਾਰ ਕਰ ਰਿਹਾ ਹੈ। ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਛੇਤੀ ਹੀ ਦਿੱਲੀ ਪੁਲਿਸ ਤੋਂ ਐੱਫਆਈਆਰ ਦੀ ਕਾਪੀ ਮੰਗਵਾਈ ਜਾਵੇਗੀ। ਇਸ ਤੋਂ ਪਹਿਲਾਂ ਐੱਨਆਈਏ ਦੀਪ ਸਿੱਧੂ ਸਮੇਤ ਕਈ ਆਗੂਆਂ ਨੂੰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਤੋਂ ਫੰਡਿੰਗ ਦੇ ਦੋਸ਼ 'ਚ ਨੋਟਿਸ ਜਾਰੀ ਕਰ ਚੁੱਕਾ ਹੈ।

ਈਡੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਗਪਗ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਲਈ ਦੇਸ਼-ਵਿਦੇਸ਼ ਤੋਂ ਵੱਡੇ ਪੈਮਾਨੇ 'ਤੇ ਫੰਡਿੰਗ ਕੀਤੇ ਜਾਣ ਦੀ ਸੂਚਨਾ ਹੈ। ਅੰਦੋਲਨ ਸਿਰਫ ਕਿਸਾਨਾਂ ਜਾਂ ਪਿੰਡਾਂ ਵਾਲਿਆਂ ਦੀ ਫੰਡਿੰਗ 'ਤੇ ਨਹੀਂ ਚੱਲ ਰਿਹਾ ਸੀ। ਸਮੱਸਿਆ ਇਹ ਸੀ ਕਿ ਬਿਨਾਂ ਕਿਸੇ ਐੱਫਆਈਆਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਇਸ ਫੰਡਿੰਗ ਦੀ ਜਾਂਚ ਨਹੀਂ ਕਰ ਸਕਦਾ ਸੀ। ਮਨੀ ਲਾਂਡਿ੍ੰਗ ਤਹਿਤ ਐੱਫਆਈਆਰ ਦਰਜ ਕਰਨ ਲਈ ਕਿਸੇ ਦੂਜੀ ਏਜੰਸੀ ਵੱਲੋਂ ਐੱਫਆਈਆਰ ਦਰਜ ਕਰਨੀ ਜ਼ਰੂਰੀ ਹੁੰਦੀ ਹੈ। ਹੁਣ ਜਦੋਂ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਈਡੀ ਲਈ ਮਨੀ ਲਾਂਡਿ੍ੰਗ ਦਾ ਕੇਸ ਦਰਜ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ।

ਸੀਨੀਅਰ ਅਧਿਕਾਰੀ ਅਨੁਸਾਰ ਈਡੀ ਦਿੱਲੀ ਪੁਲਿਸ ਵੱਲੋਂ ਐੱਫਆਈਆਰ ਦੇ ਵਿਸ਼ਲੇਸ਼ਣ ਤੋਂ ਬਾਅਦ ਹੀ ਮਨੀ ਲਾਂਡਿ੍ੰਗ ਦਾ ਕੇਸ ਦਰਜ ਕਰਨ ਦਾ ਫ਼ੈਸਲਾ ਕਰੇਗਾ। ਇਸ ਲਈ ਪ੍ਰਕਿਰਿਆ ਛੇਤੀ ਤੋਂ ਛੇਤੀ ਪੂਰੀ ਕਰ ਕੇ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦਰਅਸਲ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੂੰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਵੱਲੋਂ ਫੰਡਿੰਗ ਦੇ ਮਾਮਲੇ 'ਚ ਐੱਨਆਈਏ ਪਹਿਲਾਂ ਹੀ ਜਾਂਚ ਕਰ ਰਹੀ ਹੈ। ਇਸ ਸਿਲਸਿਲੇ 'ਚ 15 ਦਸੰਬਰ ਨੂੰ ਐੱਫਆਈਆਰ ਦਰਜ ਕਰਨ ਤੋਂ ਬਾਅਦ ਐੱਨਆਈਏ ਨੇ ਦੀਪ ਸਿੱਧੂ ਸਮੇਤ ਕਈ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਇਹ ਨੋਟਿਸ ਸਿਰਫ ਉਨ੍ਹਾਂ ਲੋਕਾਂ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਦੇ ਖਾਤੇ 'ਚ ਵਿਦੇਸ਼ ਤੋਂ ਫੰਡ ਆਇਆ ਸੀ। ਕਿਸਾਨ ਆਗੂ ਇਸ ਨੂੰ ਅੰਦੋਲਨ ਕਮਜ਼ੋਰ ਕਰਨ ਦੀ ਸਰਕਾਰ ਦੀ ਸਾਜ਼ਿਸ਼ ਕਰਾਰ ਦੇ ਰਹੇ ਸਨ ਪਰ ਈਡੀ ਜੇ ਮਨੀ ਲਾਂਡਿ੍ੰਗ ਦਾ ਕੇਸ ਦਰਜ ਕਰਦੀ ਹੈ ਤਾਂ ਉਹ ਹਰ ਤਰ੍ਹਾਂ ਦੀ ਫੰਡਿੰਗ ਦੀ ਜਾਂਚ ਕਰੇਗੀ ਤੇ ਉਨ੍ਹਾਂ ਦੇ ਸਰੋਤ ਤੇ ਇਸਤੇਮਾਲ ਦਾ ਪੂਰਾ ਵੇਰਵਾ ਜਾਂਚਿਆ ਜਾਵੇਗਾ। ਜ਼ਾਹਿਰ ਹੈ ਕਿ ਕਿਸਾਨ ਆਗੂਆਂ ਲਈ ਈਡੀ ਦੇ ਸਵਾਲਾਂ ਦਾ ਜਵਾਬ ਦੇਣਾ ਸੌਖਾ ਨਹੀਂ ਹੋਵੇਗਾ।