ਸਟੇਟ ਬਿਊਰੋ, ਮੁੰਬਈ : ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ’ਚ ਅਬਾਦੀ ਅਸੰਤੁਲਨ ਉਸ ਦੇਸ਼ ਦੀ ਵੰਡ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਲਗਾਤਾਰ ਦੂਜੇ ਸਾਲ ਸੰਘ ਦੀ ‘ਵਿਜੇ ਦਸ਼ਮੀ ਰੈਲੀ’ ’ਚ ਅਬਾਦੀ ਅਸੰਤੁਲਨ ਦੇ ਖ਼ਤਰਿਆਂ ਬਾਰੇ ਚੌਕਸ ਕੀਤਾ ਹੈ।

ਮੋਹਨ ਭਾਗਤਵ ਨੇ ਨਾਗਪੁਰ ਸਥਿਤ ਆਰਐੱਸਐੱਸ ਦੇ ਹੈੱਡਕੁਆਰਟਰ ’ਚ ਸੰਘ ਦੀ ਰਵਾਇਤੀ ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਬਾਦੀ ਅਸੰਤੁਲਨ ਦਾ ਨਤੀਜਾ ਇਕ ਵਾਰ ਭੁਗਤ ਚੁੱਕੇ ਹਨ। ਅਜਿਹਾ ਸਿਰਫ਼ ਸਾਡੇ ਨਾਲ ਹੀ ਨਹੀਂ ਹੋਇਆ। ਪੂਰਬੀ ਤਿਮੋਰ, ਦੱਖਣੀ ਸੂਡਾਨ ਤੇ ਕੋਸੋਵੋ ਵਰਗੇ ਦੇਸ਼ ਇੰਡੋਨੇਸ਼ੀਆ, ਸੂਡਾਨ ਤੇ ਸਰਬੀਆ ਵਰਗੇ ਦੇਸ਼ਾਂ ਦੇ ਭੂ-ਭਾਗ ’ਚ ਅਬਾਦੀ ਦਾ ਸੰਤੁਲਨ ਵਿਗੜਨ ਦਾ ਕਾਰਨ ਬਣ ਚੁੱਕੇ ਹਨ। ਇਸ ਲਈ ਸਮਝਣਾ ਪਵੇਗਾ ਕਿ ਜਦੋਂ-ਜਦੋਂ ਅਬਾਦੀ ਅਸੰਤੁਲਨ ਹੁੰਦਾ ਹੈ, ਉਦੋਂ-ਉਦੋਂ ਉਸ ਦੇਸ਼ ਦੀ ਭੂਗੋਲਕ ਸਰਹੱਦਾਂ ’ਚ ਤਬਦੀਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨਮ ਦਰ ’ਚ ਨਾਬਰਾਬਰੀ ਦੇ ਨਾਲ-ਨਾਲ ਲੋਭ, ਲਾਲਚ, ਜ਼ਬਰਦਸਤੀ ਨਾਲ ਚੱਲਣ ਵਾਲੀ ਧਰਮ ਤਬਦੀਲੀ ਵੀ ਅਬਾਦੀ ਅਸੰਤੁਲਨ ਦਾ ਵੱਡਾ ਕਾਰਨ ਬਣਦੇ ਹਨ। ਸਾਨੂੰ ਇਸ ਸਭ ਦਾ ਵੀ ਧਿਆਨ ਰੱਖਣਾ ਪਵੇਗਾ।

ਮੋਹਨ ਭਾਗਵਤ ਅਨੁਸਾਰ ਅਬਾਦੀ ਕੰਟਰੋਲ ਦੇ ਨਾਲ-ਨਾਲ ਫ਼ਿਰਕਾ ਆਧਾਰਿਤ ਅਬਾਦੀ ਵੀ ਮਹੱਤਵਪੂਰਨ ਵਿਸ਼ਾ ਹੈ ਜਿਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਸੰਘ ਮੁਖੀ ਨੇ ਆਪਣੇ ‘ਵਿਜੇ ਦਸ਼ਮੀ’ ਸੰਬੋਧਨ ’ਚ ਦੇਸ਼ ’ਚ ਵਧਦੇ ਅਬਾਦੀ ਅਸੰਤੁਲਨ ਦੇ ਖ਼ਤਰਿਆਂ ਦਾ ਜ਼ਿਕਰ ਕੀਤਾ ਸੀ। ਭਾਗਵਤ ਅਨੁਸਾਰ ਅਬਾਦੀ ’ਤੇ ਇਕ ਸਮੁੱਚੀ ਨੀਤੀ ਬਣਨੀ ਚਾਹੀਦੀ ਹੈ ਅਤੇ ਇਹ ਸਾਰਿਆਂ ’ਤੇ ਬਰਾਬਰ ਰੂਪ ’ਚ ਲਾਗੂ ਹੋਣੀ ਚਾਹੀਦੀ ਹੈ। ਇਕ ਵਾਰ ਬਣਨ ਤੋਂ ਬਾਅਦ ਕਿਸੇ ਨੂੰ ਛੋਟ ਨਹੀਂ ਮਿਲਣੀ ਚਾਹੀਦੀ ਤੇ ਸਮਾਜ ਨੂੰ ਇਸ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ। ਭਾਗਵਤ ਨੇ ਕਿਹਾ ਕਿ ਕਿਸੇ ਨੀਤੀ ਦਾ ਜੇ ਲਾਭ ਹੋਣ ਵਾਲਾ ਹੋਵੇ ਤਾਂ ਸਮਾਜ ਵੀ ਉਸ ਨੂੰ ਸਵੀਕਾਰ ਕਰਦਾ ਹੈ।

ਆਰਐੱਸਐੱਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਘੱਟਗਿਣਤੀ ਭਾਈਚਾਰੇ ਨਾਲ ਵੀ ਸੰਵਾਦ ਦਾ ਪ੍ਰੋਗਰਾਮ ਚੱਲ ਰਿਹਾ ਹੈ।

ਮੋਹਨ ਭਾਗਵਤ ਨੇ ਬੁੱਧਵਾਰ ਨੂੰ ਆਪਣੇ ਸੰਬੋਧਨ ’ਚ ਇਸ ਗੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਕਥਿਤ ਘੱਟਗਿਣਤੀਆਂ ’ਚ ਬਿਨਾਂ ਕਾਰਨ ਹਊਆ ਖੜ੍ਹਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਾਡੇ (ਸੰਘ) ਤੋਂ ਜਾਂ ਸੰਗਠਿਤ ਹਿੰਦੂ ਸਮਾਜ ਤੋਂ ਖ਼ਤਰਾ ਹੈ। ਅਜਿਹਾ ਨਾ ਕਦੇ ਹੋਇਆ ਹੈ ਤੇ ਨਾ ਕਦੇ ਹੋਵੇਗਾ। ਅਜਿਹਾ ਸੁਭਾਅ ਨਾ ਹਿੰਦੂ ਦਾ ਰਿਹਾ ਹੈ, ਨਾ ਸੰਘ ਦਾ ਰਿਹਾ ਹੈ। ਨਾ ਹੀ ਸੰਘ ਦਾ ਅਜਿਹਾ ਇਤਿਹਾਸ ਰਿਹਾ ਹੈ। ‘ਨ ਭਯ ਦੇਤ ਕਾਹੂ ਕੋ, ਨ ਭਯ ਜਾਨਤ ਆਪ’ ਅਜਿਹਾ ਹਿੰਦੂ ਸਮਾਜ ਖੜ੍ਹਾ ਕਰਨਾ ਹੀ ਸਮੇਂ ਦੀ ਲੋੜ ਹੈ। ਇਹ ਕਿਸੇ ਦੇ ਵਿਰੁੱਧ ਨਹੀਂ ਹੈ। ਸੰਘ ਪੂਰੀ ਦ੍ਰਿੜਤਾ ਨਾਲ ਆਪਸੀ ਭਾਈਚਾਰੇ ਤੇ ਸ਼ਾਂਤੀ ਦੇ ਹੱਕ ’ਚ ਖੜ੍ਹਾ ਹੈ। ਸੰਘ ਮੁਖੀ ਨੇ ਦੱਸਿਆ ਕਿ ਖ਼ੁਦ ’ਤੇ ਹਿੰਦੂ ਸਮਾਜ ਜਾਂ ਸੰਘ ਦੇ ਖ਼ਦਸ਼ਿਆਂ ਨੂੰ ਲੈ ਤੇ ਕਥਿਤ ਘੱਟਗਿਣਤੀਆਂ ਦੇ ਕੁਝ ਸੱਜਣ ਪਿਛਲੇ ਦਿਨੀਂ ਉਨ੍ਹਾਂ ਨੂੰ ਮਿਲਣ ਆਏ ਸਨ। ਸੰਘ ਦੇ ਅਧਿਕਾਰੀਆਂ ਨਾਲ ਉਨ੍ਹਾਂ ਦਾ ਸੰਵਾਦ ਹੋਇਆ ਹੈ। ਇਹ ਅੱਗੇ ਵੀ ਹੁੰਦਾ ਰਹੇਗਾ।

Posted By: Jagjit Singh