ਸਟੇਟ ਬਿਊਰੋ, ਮੁੰਬਈ : ਕੌਮਾਂਤਰੀ ਮਹਾਮਾਰੀ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਬਣਾਉਣ 'ਚ ਭਾਰਤ ਜੰਗੀ ਪੱਧਰ 'ਤੇ ਯਤਨਸ਼ੀਲ ਹੈ। ਦੇਸ਼ 'ਚ 'ਕੋਵਿਡਸ਼ੀਲਡ' ਨਾਂ ਦੀ ਵੈਕਸੀਨ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਪੁਨੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦਾ ਦੌਰਾ ਕਰ ਕੇ ਇਥੇ ਤਿਆਰ ਕੀਤੀ ਗਈ ਕੋਰੋਨਾ ਤੋਂ ਬਚਾਅ ਦੀ ਵੈਕਸੀਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਇਹ ਵਿਸ਼ਵ ਦੀ ਸਭ ਤੋਂ ਵੱਡੀ ਫਾਰਮਾ ਕੰਪਨੀ ਐਸਟ੍ਰਾਜ਼ੈਨਿਕਾ ਤੇ ਆਕਸਫੋਰਡ ਯੂਨੀਵਰਸਿਟੀ ਦੀ ਸਾਂਝੀ ਖੋਜ ਦੀ ਉਪਜ ਹੈ। ਐਸਟ੍ਰਾਜ਼ੈਨਿਕ-ਆਕਸਫੋਰਟ ਨਾਲ ਰਲ ਕੇ ਕੋਰੋਨਾ ਵੈਕਸੀਨ ਦਾ ਉਤਪਾਦਨ ਵੀ ਇਹ ਕੰਪਨੀ ਵੱਡੀ ਮਾਤਰਾ 'ਚ ਕਰਨ ਦੀ ਤਿਆਰੀ ਵਿਚ ਹੈ। ਇਸ ਦੀ ਵਰਤੋਂ ਨਾ ਸਿਰਫ ਭਾਰਤ ਬਲਕਿ ਕਈ ਹੋਰ ਦੇਸ਼ਾਂ 'ਚ ਵੀ ਕੀਤੀ ਜਾਵੇਗੀ। 'ਕੋਵਿਡਸ਼ੀਲਡ' ਨਾਮਕ ਇਸ ਵੈਕਸੀਨ 'ਤੇ ਖੋਜ ਆਪਣੇ ਆਖ਼ਰੀ ਪੜਾਅ 'ਚ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਐਸਟ੍ਰਾਜ਼ੈਨਿਕਾ-ਆਕਸਫੋਰਡ ਦੀ ਵੈਕਸੀਨ ਭਾਰਤ ਦੇ ਲੋਕਾਂ ਲਈ ਜ਼ਿਆਦਾ ਉਪਯੋਗੀ ਹੋ ਸਕਦੀ ਹੈ। ਇਸ ਤੋਂ ਇਲਾਵਾ ਸੀਰਮ ਇੰਸਟੀਚਿਊਟ ਦੀ ਵੰਡ ਪ੍ਰਣਾਲੀ ਕਾਫੀ ਵੱਡੀ ਹੋਣ ਨਾਲ ਇਹ ਵਿਸ਼ਵ ਦੇ ਕਈ ਦੇਸ਼ਾਂ 'ਚ ਵੀ ਕੰਮ ਆ ਸਕਦੀ ਹੈ।