ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੀਆਂ ਰੈਲੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਜਿੱਤ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ 'ਚ 20 ਰੈਲੀਆਂ ਕਰਨਗੇ। ਪੀਐੱਮ ਮੋਦੀ ਸੱਤ ਮਾਰਚ ਨੂੰ ਕੋਲਕਾਤਾ 'ਚ ਬਿ੍ਗੇਡ ਪਰੇਡ ਮੈਦਾਨ ਤੋਂ ਰੈਲੀਆਂ ਦਾ ਆਗਾਜ਼ ਕਰਨਗੇ। ਬੰਗਾਲ ਭਾਜਪਾ ਇਕਾਈ ਨੇ ਹਰੇਕ ਵੱਡੇ ਜ਼ਿਲ੍ਹੇ 'ਚ ਦੋ ਤੇ ਛੋਟੇ ਜ਼ਿਲ੍ਹੇ 'ਚ ਇਕ ਰੈਲੀ ਦਾ ਕੇਂਦਰੀ ਟੀਮ ਤੋਂ ਅਪੀਲ ਕੀਤੀ ਸੀ। ਭਾਜਪਾ ਨੇ ਪੀਐੱਮ ਮੋਦੀ ਦੀ 25 ਤੋਂ 30 ਰੈਲੀਆਂ ਕਰਵਾਉਣ ਦੀ ਮੰਗ ਕੀਤੀ ਸੀ ਪਰ, ਹਾਲੇ ਬੰਗਾਲ 'ਚ ਮੋਦੀ ਦੀਆਂ 20 ਰੈਲੀਆਂ ਦੀ ਹੀ ਰੂਪਰੇਖਾ ਤੈਅ ਕੀਤੀ ਗਈ ਹੈ। ਹਾਲਾਂਕਿ, ਰੈਲੀਆਂ ਦਾ ਸਥਾਨ ਤੇ ਤਰੀਕ ਤੈਅ ਹੋਣੀ ਹਾਲੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਦੀ ਪਹਿਲੀ ਰੈਲੀ ਕੋਲਕਾਤਾ ਦੇ ਸਭ ਤੋਂ ਵੱਡੇ ਮੈਦਾਨ ਬਿ੍ਗੇਡ ਪਰੇਡ ਮੈਦਾਨ 'ਚ ਹੋਵੇਗੀ, ਜਿਸ 'ਚ ਕਰੀਬ 15 ਲੱਖ ਲੋਕਾਂ ਦੀ ਭੀੜ ਇਕੱਠੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਭਾਜਪਾ ਦੀ ਯੋਜਨਾ ਬੰਗਾਲ ਦੀ ਸਿਆਸਤ ਦੀ ਸਭ ਤੋਂ ਵੱਡੀ ਰੈਲੀ ਕਰਵਾਉਣਾ ਹੈ। ਪੀਐੱਮ ਮੋਦੀ ਤੋਂ ਇਲਾਵਾ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਕਰੀਬ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

ਬੰਗਾਲ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਪਿਛਲੀਆਂ ਚੋਣਾਂ 'ਚ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨੇ ਸਭ ਤੋਂ ਜ਼ਿਆਦਾ 211 ਸੀਟਾਂ, ਕਾਂਗਰਸ 'ਚ 44, ਖੱਬੇਪੱਖੀਆਂ ਨੇ 26 ਤੇ ਭਾਜਪਾ ਨੇ ਸਿਰਫ ਤਿੰਨ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਹੋਰਨਾਂ ਨੇ 10 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਥੇ ਬਹੁਮਤ ਲਈ 148 ਸੀਟਾਂ ਚਾਹੀਦੀਆਂ।

Posted By: Susheel Khanna