ਕੋਇੰਬਟੂਰ (ਪੀਟੀਆਈ) : ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ੋਰਦਾਰ ਹਮਲਾ ਬੋਲਿਆ। ਇਕ ਖੁਲ੍ਹੇ ਵਾਹਨ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਕਾਰੋਬਾਰੀਆਂ ਦੇ ਭਾਈਵਾਲ ਬਣ ਗੇ ਹਨ ਤੇ ਲੋਕਾਂ ਨਾਲ ਜੁੜੀ ਹਰ ਚੀਜ਼ ਵੇਚ ਰਹੇ ਹਨ। ਕਾਂਗਰਸੀ ਨੇਤਾ ਤਿੰਨ ਦਿਨ ਦੇ ਦੌਰੇ 'ਤੇ ਤਾਮਿਲਨਾਡੂ ਪੁੱਜੇ ਹਨ। ਅਪ੍ਰਰੈਲ ਜਾਂ ਮਈ ਦੀ ਸ਼ੁਰੂਆਤ 'ਚ ਸੂਬੇ 'ਚ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਹੈ।

ਰਾਹੁਲ ਨੇ ਕਿਹਾ, ਮੋਦੀ ਕੀ ਕਰ ਰਹੇ ਹਨ? ਉਹ ਦੇਸ਼ ਦੇ ਤਿੰਨ ਜਾਂ ਚਾਰ ਵੱਡੇ ਕਾਰੋਬਾਰੀਆਂ ਦੇ ਭਾਈਵਾਲ ਬਣ ਗਏ ਹਨ। ਉਹ ਮੋਦੀ ਨੂੰ ਮੀਡੀਆ ਦੀ ਸੇਵਾ ਮੁਹੱਈਆ ਕਰਵਾਉਂਦੇ ਹਨ ਤੇ ਮੋਦੀ ਉਨ੍ਹਾਂ ਲੋਕਾਂ ਨੂੰ ਪੈਸੇ ਮੁਹੱਈਆ ਕਰਵਾਉਂਦੇ ਹਨ। ਪ੍ਰਧਾਨ ਮਤੰਰੀ ਦੇਸ਼ ਤੇ ਤਾਮਿਲਨਾਡੂ ਦੀ ਜਨਤਾ ਨਾਲ ਜੁੜੀ ਹਰੇਕ ਚੀਜ਼ ਇਕ-ਇਕ ਕਰ ਕੇ ਵੇਚ ਰਹੇ ਹਨ।

ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨਾਂ ਦਾ ਜੋ ਕੁਝ ਸੀ, ਉਹ ਤਿੰਨ ਖੇਤੀ ਕਾਨੂੰਨਾਂ ਜ਼ਰੀਏ ਉਨ੍ਹਾਂ ਕੋਲੋਂ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਵੱਡੀਆਂ ਕੰਪਨੀਆਂ ਦਾ ਨੌਕਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਖਾਸ ਵਿਚਾਰਧਾਰਾ ਖ਼ਿਲਾਫ਼ ਲੜਾਈ ਲੜ ਰਹੀ ਹੈ, ਜੋ ਮੰਨਦੀ ਹੈ ਕਿ ਸਿਰਫ ਇਕ ਸੰਸਕ੍ਰਿਤੀ, ਇਕ ਭਾਸ਼ਾ ਤੇ ਇਕ ਵਿਚਾਰ ਨੂੰ ਭਾਰਤ 'ਤੇ ਸ਼ਾਸਨ ਕਰਨਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਨ 'ਚ ਤਾਮਿਲਨਾਡੂ ਦੀ ਸੰਸਕ੍ਰਿਤੀ, ਭਾਸ਼ਾ ਤੇ ਲੋਕਾਂ ਲਈ ਕੋਈ ਸਨਮਾਨ ਨਹੀਂ ਹੈ।