ਨਵੀਂ ਦਿੱਲੀ, ਏਐੱਨਆਈ : ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕੋਰੋਨਾ ਵਾਇਰਸ ਰੋਗੀਆਂ ਲਈ ਡਿਸਚਾਰਜ ਪਾਲਿਸੀ 'ਚ ਸੋਧ ਕੀਤੀ ਹੈ। ਇਸ ਸੋਧੀ ਹੋਈ ਡਿਸਚਾਰਜ ਪਾਲਿਸੀ ਮੁਤਾਬਿਕ ਜੇਕਰ ਮਰੀਜ਼ 'ਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਹੈ ਤਾਂ ਉਸ ਨੂੰ 10 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਡਿਸਚਾਰਜ ਤੋਂ ਪਹਿਲਾਂ ਪ੍ਰੀਖਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਅਜਿਹੇ ਵਿਅਕਤੀ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ 7 ਦਿਨਾਂ ਤਕ ਆਈਸੋਲੇਸ਼ਨ 'ਚ ਰਹੇ ਤੇ ਗਾਈਡਲਾਈਨ ਦੀ ਪਾਲਣਾ ਕਰੇ। ਹਾਲਾਂਕਿ, ਗੰਭੀਰ ਰੋਗਾਂ ਨਾਲ ਜੂਝ ਰਹੇ ਕੋਰੋਨਾ ਪੀੜਤ ਮਰੀਜ਼ਾਂ ਦਾ ਫ਼ੈਸਲਾ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਲੈਣਗੇ।

ਜੇਕਰ ਕਿਸੇ ਸ਼ਖ਼ਸ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਬੁਖ਼ਾਰ, ਖੰਘ ਜਾਂ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਕੋਵਿਡ ਕੇਅਰ ਸੈਂਟਰ, ਸੂਬੇ ਦੇ ਹੈਲਪਲਾਈਨ ਨੰਬਰ ਜਾਂ 1075 'ਤੇ ਸੰਪਰਕ ਕਰ ਸਕਦਾ ਹੈ। ਹਸਪਤਾਲ ਤੋਂ ਡਿਸਚਾਰਜ ਹੋਏ ਲੋਕਾਂ ਦੀ 14ਵੇਂ ਦਿਨ ਟੈਲੀ-ਕਾਨਫਰੰਸ ਜ਼ਰੀਏ ਸਿਹਤ ਦੀ ਜਾਂਚ ਕੀਤੀ ਜਾਵੇਗੀ।

ਕਾਬਿਲੇਗ਼ੌਰ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ 24 ਘੰਟਿਆਂ 'ਚ 3320 ਮਾਮਲੇ ਸਾਹਮਣੇ ਆਏ ਹਨ ਤੇ 95 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ ਹੁਣ ਤਕ 59,662 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 39,834 ਐਕਟਿਵ ਕੇਸ ਹਨ। ਹੁਣ ਤਕ 17,846 ਲੋਕ ਠੀਕ ਹੋ ਗਏ ਹਨ ਤੇ 1981 ਲੋਕਾਂ ਦੀ ਮੌਤ ਹੋ ਗਈ ਹੈ।

Posted By: Seema Anand