ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖਿਲਾਫ਼ ਜੰਗ 'ਚ ਅੱਜ ਅਰਥਾਤ ਪੰਜ ਅਪ੍ਰੈਲ ਨੂੰ ਦੇਸ਼ ਇਕ ਵਾਰੀ ਫਿਰ ਇਕਜੁੱਟ ਦਿਸੇਗਾ। ਇਸ ਮਹਾਮਾਰੀ ਦੇ ਹਨੇਰੇ ਨੂੰ ਚੁਣੌਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਦੇ 130 ਕਰੋੜ ਲੋਕ ਰਾਤ ਨੌਂ ਵਜੇ ਨੌਂ ਮਿੰਟ ਲਈ ਦੀਵੇ ਬਾਲ਼ਣਗੇ। ਇਹ ਦੀਵੇ ਇਸ ਗੱਲ ਦਾ ਪ੍ਰਤੀਕ ਹੋਵੇਗਾ ਕਿ ਕੋਰੋਨਾ ਖਿਲਾਫ਼ ਇਸ ਜੰਗ 'ਚ ਕੋਈ ਇਕੱਲਾ ਨਹੀਂ ਹੈ।

ਤਿੰਨ ਅਪ੍ਰਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇਕ ਵੀਡੀਓ ਸੰਦੇਸ਼ 'ਚ ਦੇਸ਼ ਦੀ ਜਨਤਾ ਨੂੰ ਇਹ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਐਤਵਾਰ ਰਾਤ ਨੌਂ ਵਜੇ ਨੌਂ ਮਿੰਟ ਲਈ ਹਰ ਵਿਅਕਤੀ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਕੇ ਆਪਣੇ ਦਰਵਾਜ਼ੇ ਜਾਂ ਬਾਲਕਨੀ 'ਚ ਆ ਕੇ ਦੀਵੇ, ਮੋਮਬੱਤੀ, ਟਾਰਚ ਜਾਂ ਮੋਬਾਈਲ ਦੀ ਫਲੈਸ਼ਲਾਈਟ ਜਗਾਏ। ਚਾਰੇ ਪਾਸੇ ਜਦੋਂ ਹਰ ਵਿਅਕਤੀ ਇਕ-ਇਕ ਦੀਵਾ ਬਾਲ਼ੇਗਾ, ਤਾਂ ਰੋਸ਼ਨੀ ਦੀ ਮਹਾਸ਼ਕਤੀ ਮਹਿਸੂਸ ਹੋਵੇਗੀ। ਇਹ ਉਜਾਗਰ ਹੋਵੇਗਾ ਕਿ ਇਕ ਹੀ ਮਕਸਦ ਨਾਲ ਅਸੀਂ ਸਾਰੇ ਲੜ ਰਹੇ ਹਾਂ। ਮੋਦੀ ਨੇ ਕਿਹਾ ਕਿ ਉਸ ਰੋਸ਼ਨੀ 'ਚ ਅਸੀਂ ਸਾਰੇ ਆਪਣੇ ਮਨ 'ਚ ਸੰਕਲਪ ਕਰੀਏ ਕਿ ਅਸੀਂ ਇਕੱਲੇ ਨਹੀਂ ਹਾਂ। 130 ਕਰੋੜ ਭਾਰਤੀ ਇਕ ਹੀ ਸੰਕਲਪ ਨਾਲ ਬੱਝੇ ਹਾਂ। ਸਾਡੇ ਉਤਸ਼ਾਹ ਤੋਂ ਵੱਡੀ ਕੋਈ ਤਾਕਤ ਨਹੀਂ ਹੈ। ਕੋਰੋਨਾ ਖਿਲਾਫ਼ ਜੰਗ ਨੂੰ ਵੀ ਇਸੇ ਉਤਸ਼ਾਹ ਨਾਲ ਜਿੱਤਣਾ ਹੈ।

ਅਟਲ ਨੂੰ ਕੀਤਾ ਯਾਦ

ਸ਼ਨਿਚਰਵਾਰ ਨੂੰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਇਕ ਵੀਡੀਓ ਕਲਿਪ ਟਵੀਟ ਕਰਦਿਆਂ ਲੋਕਾਂ ਨੂੰ ਫਿਰ ਦੀਵੇ ਬਾਲ਼ਣ ਦੇ ਸੰਕਲਪ ਦੀ ਯਾਦ ਦਿਵਾਈ। ਇਸ ਵੀਡੀਓ ਕਲਿਪ 'ਚ ਵਾਜਪਾਈ ਆਪਣੀ ਇਕ ਮਸ਼ਹੂਰ ਕਵਿਤਾ ਦਾ ਪਾਠ ਕਰਦੇ ਦਿਸ ਰਹੇ ਹਨ।

ਮੰਨੋ ਹਦਾਇਤਾਂ

ਮੋਦੀ ਨੇ ਆਪਣੇ ਸੰਦੇਸ਼ 'ਚ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਲੋਕ ਦੀਵੇ ਬਾਲ਼ਣ ਦੀ ਇਸ ਪ੍ਰਕਿਰਿਆ 'ਚ ਵੀ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨ। ਕਿਤੇ ਵੀ ਇਕੱਠੇ ਹੋ ਕੇ ਦੀਵੇ ਬਾਲ਼ਣ ਵਰਗੇ ਸਮਾਗਮ ਨਾ ਕਰਨ। ਲਾਕਡਾਊਨ ਦੀ ਇਸ ਪੂਰੀ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾ ਕਰਦਿਆਂ ਆਪਣੀਆਂ ਛੱਤਾਂ, ਬਾਲਕਨੀਆਂ ਜਾਂ ਦਰਵਾਜ਼ਿਆਂ 'ਤੇ ਹੀ ਦੀਵਾ ਬਾਲ਼ਣਾ ਹੈ। ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਦਾ ਇਸ਼ਾਰਾ ਉਨ੍ਹਾਂ ਘਟਨਾਵਾਂ ਵੱਲ ਸੀ, ਜਦੋਂ ਜਨਤਾ ਕਰਫਿਊ ਦੇ ਦਿਨ ਕੁਝ ਲੋਕ ਤਾੜੀ, ਥਾਲੀ ਵਜਾਉਣ ਲਈ ਗਲੀਆਂ 'ਚ ਉਤਰ ਆਏ ਸਨ।