ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਜਾਂਚ ਦਾ ਅੰਕੜਾ 13 ਕਰੋੜ ਨੂੰ ਪਾਰ ਕਰ ਗਿਆ ਹੈ। ਪਿਛਲੇ ਇਕ ਕਰੋੜ ਟੈਸਟ ਤਾਂ ਸਿਰਫ਼ 10 ਦਿਨਾਂ ਵਿਚ ਹੋਏ ਹਨ। ਇਨਫੈਕਸ਼ਨ ਦੀ ਦਰ 'ਚ ਗਿਰਾਵਟ ਦਾ ਰੁਖ਼ ਬਣਿਆ ਹੋਇਆ ਹੈ, ਪਰ ਕੁਝ ਸੂਬਿਆਂ ਵਿਚ ਮਹਾਮਾਰੀ ਦੀ ਰਫ਼ਤਾਰ ਮੁੜ ਤੇਜ਼ ਹੋ ਰਹੀ ਹੈ। ਕੁਲ ਇਨਫੈਕਟਿਡਾਂ ਦਾ ਅੰਕੜਾ 90 ਲੱਖ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿਚੋਂ ਕਰੀਬ 85 ਲੱਖ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਵੀ ਹੋ ਚੁੱਕੇ ਹਨ।

ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਮੁਤਾਬਕ, ਦੇਸ਼ ਭਰ ਵਿਚ ਹੁਣ ਤਕ 13.06 ਕਰੋੜ ਟੈਸਟ ਕਰਵਾਏ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ 10.66 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਇਨਫੈਕਸ਼ਨ ਦੀ ਅੌਸਤ ਦਰ 6.93 ਫ਼ੀਸਦੀ ਹੈ, ਜਦਕਿ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੀ ਦੈਨਿਕ ਦਰ 4.34 ਫ਼ੀਸਦੀ ਰਹੀ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਜ਼ਿਆਦਾ ਗਿਣਤੀ ਵਿਚ ਜਾਂਚ ਨਾਲ ਇਨਫੈਕਸ਼ਨ ਦੀ ਦਰ ਘੱਟ ਹੋਈ ਹੈ। 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪ੍ਰਤੀ 10 ਲੱਖ ਆਬਾਦੀ 'ਤੇ ਜਾਂਚ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ 46,232 ਮਾਮਲੇ ਸਾਹਮਣੇ ਆਏ ਹਨ ਅਤੇ ਕੁਲ ਇਨਫੈਕਟਿਡਾਂ ਦੀ ਗਿਣਤੀ 90.50 ਲੱਖ ਹੋ ਗਈ ਹੈ। ਇਸ ਦੌਰਾਨ 564 ਹੋਰ ਲੋਕਾਂ ਦੀ ਮੌਤ ਵੀ ਹੋਈ ਹੈ ਅਤੇ ਹੁਣ ਤਕ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 1.32 ਲੱਖ 'ਤੇ ਪਹੁੰਚ ਗਿਆ ਹੈ। 84.78 ਲੱਖ ਮਰੀਜ਼ ਹੁਣ ਤਕ ਪੂਰੀ ਤਰ੍ਹਾਂ ਨਾਲ ਠੀਕ ਵੀ ਹੋ ਚੁੱਕੇ ਹਨ। ਸਰਗਰਮ ਮਾਮਲੇ 4.39 ਲੱਖ ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 4.86 ਫ਼ੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਕੇ 93.67 ਫ਼ੀਸਦੀ ਹੋ ਗਈ ਹੈ ਅਤੇ ਮੌਤ ਦਰ ਡਿੱਗ ਕੇ 1.47 ਫ਼ੀਸਦੀ 'ਤੇ ਆ ਗਈ ਹੈ।

ਗੋਆ 'ਚ ਹਾਲਾਤ ਵਿਚ ਸੁਧਾਰ ਹੋਣ ਤੋਂ ਬਾਅਦ ਸ਼ਨਿਚਰਵਾਰ ਨੂੰ 10ਵੀਂ ਤੇ 12ਵੀਂ ਦੇ ਸਕੂਲ ਖੁੱਲ੍ਹੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਤੋਂ ਕੋਰੋਨਾ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਸੂਬੇ ਦੇ ਸਾਰੇ ਸਕੂਲ ਪਿਛਲੇ ਅੱਠ ਮਹੀਨਿਆਂ ਤੋਂ ਬੰਦ ਸਨ।