ਜੇਐੱਨਐੱਨ, ਬਾਰਾਮੁੱਲਾ : ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਜੰਗਲ ਵਿਚ ਸੁਰੱਖਿਆ ਬਲਾਂ ਨੇ ਇਕ ਅਜਿਹੇ ਅੱਤਵਾਦੀ ਟਿਕਾਣੇ ਨੂੰ ਨਸ਼ਟ ਕੀਤਾ ਹੈ ਜਿਸ ਵਿਚ ਤਿੰਨ ਤੋਂ ਚਾਰ ਅੱਤਵਾਦੀ ਲੁਕ ਸਕਦੇ ਸਨ।

ਅੱਤਵਾਦੀ ਟਿਕਾਣੇ ਤੋਂ ਸੁਰੱਖਿਆ ਬਲਾਂ ਨੂੰ ਰਾਸ਼ਨ ਅਤੇ ਹੋਰ ਸਾਮਾਨ ਮਿਲਿਆ ਹੈ। ਹਾਲਾਂਕਿ ਅੱਤਵਾਦੀ ਉੱਥੋਂ ਭੱਜ ਨਿਕਲਣ ਵਿਚ ਸਫਲ ਹੋ ਗਏ। ਇਸ ਟਿਕਾਣੇ ਤੋਂ ਕੋਈ ਹਥਿਆਰ ਨਹੀਂ ਮਿਲਿਆ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਤਲਾਸ਼ੀ ਮੁਹਿੰਮ ਦੀ ਸੂਚਨਾ ਮਿਲਦੇ ਹੀ ਅੱਤਵਾਦੀ ਉੱਥੋਂ ਭੱਜ ਗਏ।

ਦਰਅਸਲ ਪੁਲਿਸ ਨੂੰ ਆਪਣੇ ਖ਼ੁਫ਼ੀਆ ਤੰਤਰ ਤੋਂ ਪਤਾ ਚੱਲਿਆ ਸੀ ਕਿ ਬਾਰਾਮੁੱਲਾ ਦੇ ਨਾਲ ਲੱਗਦੇ ਯਨਕਰਾ ਜੰਗਲ ਵਿਚ ਅੱਤਵਾਦੀ ਲੁੱਕੇ ਹੋਏ ਹਨ ਜੋ ਕਿਸੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹਨ।

ਇਸ ਪਿੱਛੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਟਿਕਾਣੇ ਤੋਂ ਕੰਬਲ ਅਤੇ ਗੈਸ ਸਿਲੰਡਰ ਤੋਂ ਇਲਾਵਾ ਭਾਰੀ ਮਾਤਰਾ ਵਿਚ ਰਾਸ਼ਨ ਅਤੇ ਦਵਾਈਆਂ ਮਿਲੀਆਂ ਹਨ। ਜਵਾਨਾਂ ਨੇ ਸਾਮਾਨ ਨੂੰ ਕਬਜ਼ੇ ਵਿਚ ਲੈ ਕੇ ਟਿਕਾਣੇ ਨੂੰ ਨਸ਼ਟ ਕਰ ਦਿੱਤਾ।