ਸਟੇਟ ਬਿਊਰੋ, ਸ੍ਰੀਨਗਰ : ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਬੁੱਧਵਾਰ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਦਸਤਿਆਂ 'ਤੇ ਘਾਤ ਲਗਾ ਕੇ ਹਮਲਾ ਕੀਤਾ। ਇਸ ਹਮਲੇ ਵਿਚ ਸੀਆਰਪੀਐੱਫ ਦੇ ਦੋ ਏਐੱਸਆਈ ਅਤੇ ਤਿੰਨ ਕਾਂਸਟੇਬਲ ਸ਼ਹੀਦ ਹੋ ਗਏ। ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਵੀ ਮਾਰਿਆ ਗਿਆ। ਇਸ ਹਮਲੇ 'ਚ ਲੜਕੀ ਸਮੇਤ ਦੋ ਨਾਗਰਿਕ ਅਤੇ ਅੱਤਵਾਦੀਆਂ ਦੀ ਗੋਲ਼ੀਬਾਰੀ ਦਾ ਜਵਾਬ ਦਿੰਦੇ ਅਨੰਤਨਾਗ ਦੇ ਥਾਣਾ ਇੰਚਾਰਜ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ।

ਅੱਤਵਾਦੀ ਸੜਕ ਕੰਢੇ ਆਮ ਲੋਕਾਂ 'ਚ ਲੁਕੇ ਸਨ। ਹਮਲੇ ਦੇ ਬਾਅਦ ਭੱਜ ਗਏ ਅੱਤਵਾਦੀਆਂ ਦੀ ਭਾਲ 'ਚ ਸੁਰੱਖਿਆ ਦਸਤਿਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਮਲਾ ਉਸ ਥਾਂ 'ਤੇ ਹੋਇਆ ਜਿੱਥੋਂ ਸ਼੍ਰੀ ਅਮਰਨਾਥ ਯਾਤਰਾ ਲੰਘੇਗੀ। ਇਹ ਥਾਂ ਪਹਿਲਗਾਮ-ਅਨੰਤਨਾਗ ਮਾਰਗ 'ਤੇ ਹੀ ਹੈ। ਇਸ ਹਮਲੇ ਨੇ ਸੂਬਾਈ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ 14 ਫਰਵਰੀ ਨੂੰ ਪੁਲਵਾਮਾ 'ਚ ਸੀਆਰਪੀਐੱਫ ਦੇ ਕਾਿਫ਼ਲੇ 'ਤੇ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਪੁਲਿਸ ਦਾ ਜਾਣਕਾਰੀ ਦੇਣ ਤੋਂ ਇਨਕਾਰ

ਪੁਲਿਸ ਨੇ ਇਸ ਹਮਲੇ 'ਚ ਸ਼ਾਮਲ ਅੱਤਵਾਦੀਆਂ ਦੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਅਲ-ਉਮਰ ਮੁਜਾਹਦੀਨ ਦੇ ਅੱਤਵਾਦੀ ਸੰਗਠਨ ਦੇ ਬੁਲਾਰੇ ਨੇ ਹਮਲੇ ਦੇ ਕਰੀਬ ਅੱਧੇ ਘੰਟੇ ਬਾਅਦ ਸਥਾਨਕ ਪੱਤਰਕਾਰਾਂ ਨੂੰ ਫੋਨ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ। ਅੱਤਵਾਦੀ ਸੰਗਠਨ ਦੇ ਬੁਲਾਰੇ ਨੇ ਭਵਿੱਖ ਵਿਚ ਸੁਰੱਖਿਆ ਦਸਤਿਆਂ 'ਤੇ ਆਪਣੇ ਹਮਲਿਆਂ ਵਿਚ ਹੋਰ ਤੇਜ਼ੀ ਲਿਆਉਣ ਦੀ ਧਮਕੀ ਵੀ ਦਿੱਤੀ ਹੈ।

ਲੋਕਾਂ 'ਚ ਲੁਕੇ ਸਨ ਅੱਤਵਾਦੀ

ਜਾਣਕਾਰੀ ਮੁਤਾਬਕ ਸ਼ਾਮ ਕਰੀਬ 4.55 ਵਜੇ ਸੀਆਰਪੀਐੱਫ ਦੀ 116ਵੀਂ ਬਟਾਲੀਅਨ ਅਤੇ ਸੂਬਾਈ ਪੁਲਿਸ ਦੇ ਜਵਾਨਾਂ ਦੇ ਇਕ ਸਾਂਝੇ ਵਰਕਿੰਗ ਦਲ ਨੇ ਅਨੰਤਨਾਗ 'ਚ ਕੇਪੀ ਰੋਡ 'ਤੇ ਆਕਸਫੋਰਡ ਸਕੂਲ ਦੇ ਨਜ਼ਦੀਕ ਨਾਕਾ ਲਗਾਇਆ ਸੀ। ਇਸੇ ਦੌਰਾਨ ਅੱਤਵਾਦੀ ਸੜਕ ਕੰਢੇ ਖੜ੍ਹੇ ਲੋਕਾਂ 'ਚ ਕਿਤੇ ਲੁੱਕ ਕੇ ਬੈਠੇ ਸਨ। ਉਨ੍ਹਾਂ ਨੇ ਮੌਕਾ ਮਿਲਦੇ ਹੀ ਸੁਰੱਖਿਆ ਦਸਤਿਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪੰਜ ਸੀਆਰਪੀਐੱਫ ਦੇ ਮੁਲਾਜ਼ਮ ਅਤੇ ਉੱਥੋਂ ਲੰਘ ਰਹੀ ਇਕ ਲੜਕੀ ਸਮੇਤ ਦੋ ਨਾਗਰਿਕ ਜ਼ਖ਼ਮੀ ਹੋ ਗਏ। ਥਾਣਾ ਇੰਚਾਰਜ ਅਨੰਤਨਾਗ ਇਰਸ਼ਾਦ ਅਹਿਮਦ ਅਤੇ ਹੋਰ ਜਵਾਨਾਂ ਨੇ ਜਵਾਬੀ ਫਾਇਰ ਕੀਤਾ। ਕਰੀਬ 20 ਮਿੰਟ ਤਕ ਚੱਲੇ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਪਰ ਉਸ ਦੇ ਹੋਰ ਸਾਥੀ ਉੱਥੋਂ ਭੱਜ ਗਏ। ਅੱਤਵਾਦੀਆਂ ਨਾਲ ਮੁਕਾਬਲੇ ਵਿਚ ਥਾਣਾ ਇੰਚਾਰਜ ਇਰਸ਼ਾਦ ਅਹਿਮਦ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਛਾਤੀ ਵਿਚ ਗੋਲ਼ੀ ਲੱਗੀ ਹੈ।

ਹਸਪਤਾਲ 'ਚ ਤੋੜਿਆ ਦਮ

ਹਮਲੇ ਦੀ ਸੂਚਨਾ ਮਿਲਦੇ ਹੀ ਸੀਆਰਪੀਐੱਫ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਣੇ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਮਾਰੇ ਅੱਤਵਾਦੀ ਦੇ ਹੋਰ ਸਾਥੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉੱਥੇ ਜ਼ਖ਼ਮੀ ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਜ਼ਿਲ੍ਹਾ ਹਸਪਤਾਲ 'ਚ ਸੀਆਰਪੀਐੱਫ ਦੇ ਜ਼ਖ਼ਮੀ ਏਐੱਸਆਈ ਵਿਨੋਦ ਸ਼ਰਮਾ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਨੇ ਦਮ ਤੋੜ ਦਿੱਤਾ।

ਵਿਦੇਸ਼ੀ ਹੋ ਸਕਦਾ ਹੈ ਮਾਰਿਆ ਗਿਆ ਅੱਤਵਾਦੀ

ਜ਼ਿਲ੍ਹਾ ਹਸਪਤਾਲ ਅਨੰਤਨਾਗ ਦੇ ਮੈਡੀਕਲ ਸੁਪਰਡੈਂਟ ਡਾ. ਅਬਦੁੱਲ ਮਜੀਦ ਮਹਿਰਾਬ ਨੇ ਕਿਹਾ ਕਿ ਥਾਣਾ ਇੰਚਾਰਜ ਨੂੰ ਬਿਹਤਰ ਇਲਾਜ ਲਈ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ ਜਦਕਿ ਜ਼ਖ਼ਮੀ ਅੌਰਤ ਜ਼ਿਲ੍ਹਾ ਹਸਪਤਾਲ 'ਚ ਹੀ ਜ਼ੇਰੇ ਇਲਾਜ ਹੈ। ਉਨ੍ਹਾਂ ਦੀ ਲੱਤ ਵਿਚ ਗੋਲ਼ੀ ਲੱਗੀ ਹੈ। ਇਸ ਦੇ ਇਲਾਵਾ ਇਕ ਨੌਜਵਾਨ ਵੀ ਜ਼ਖ਼ਮੀ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਐੱਸਐੱਸਪੀ ਅਨੰਤਨਾਗ ਅਲਤਾਫ਼ ਖ਼ਾਨ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਵਿਦੇਸ਼ੀ ਹੋ ਸਕਦਾ ਹੈ। ਫਿਲਹਾਲ ਹਮਲੇ ਦੇ ਬਾਅਦ ਪੂਰੇ ਇਲਾਕੇ ਵਿਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਨੰਤਨਾਗ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਅੱਤਵਾਦੀਆਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇ ਮਾਰੇ ਜਾ ਰਹੇ ਹਨ।