ਜੋਧਪੁਰ : ਇਕ ਤੋਂ ਬਾਅਦ ਇਕ ਕਈ ਦੁਰਘਟਨਾਵਾਂ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਆਖਰਕਾਰ ਮਿਗ 27 ਜਹਾਜ਼ ਨੂੰ ਅਲਵਿਦਾ ਕਹਿ ਦਿੱਤਾ ਹੈ। ਰਾਜਸਥਾਨ ਦੇ ਜੋਧਪੁਰ ਵਿਚ ਤਾਇਨਾਤ ਇਨ੍ਹਾਂ ਜਹਾਜ਼ਾਂ ਦੀ ਆਖ਼ਰੀ ਸਕਵਾਰਡਨ ਸ਼ੁੱਕਰਵਾਰ ਭਾਵ ਅੱਜ ਆਖਰੀ ਵਾਰ ਉਡਾਨ ਭਰੀ ਹੈ। ਇਸ ਤੋਂ ਬਾਅਦ ਹੁਣ ਕਾਰਗਿਲ ਦਾ ਇਹ ਹੀਰੋ ਆਸਮਾਨ ਵਿਚ ਗੋਤੇ ਲਾਉਂਦਾ ਨਜ਼ਰੀਂ ਨਹੀਂ ਆਵੇਗਾ।

ਭਾਰਤੀ ਹਵਾਈ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੱਤ ਮਿਗ 27 ਜਹਾਜ਼ਾਂ ਦਾ ਆਖਰੀ ਸਕਵਾਡਰਨ ਵੱਲੋਂ ਅੱਜ ਆਖਰੀਵਾਰ ਜੋਧਪੁਰ ਏਅਰ ਬੇਸ ਤੋਂ ਉਡਾਨ ਭਰਨ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਸੇਵਾ ਤੋਂ ਹਟਾ ਦਿੱਤਾ ਜਾਵੇਗਾ। ਇਹ ਵੀ ਇਕ ਇਤਿਹਾਸ ਹੋਵੇਗਾ ਕਿਉਂਕਿ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿਚ ਇਸ ਸਮੇਂ ਮਿਗ 27 ਜਹਾਜ਼ ਸੇਵਾ ਵਿਚ ਨਹੀਂ ਹੈ।


1985 ਵਿਚ ਹੋਇਆ ਸੀ ਸ਼ਾਮਲ, ਕਾਰਗਿਲ ਵਿਚ ਪਾਕਿ ਨੂੰ ਸਿਖਾਇਆ ਸੀ ਸਬਕ

ਮਿਗ 27 ਜਹਾਜ਼ਾਂ ਨੂੰ 1980 ਦੇ ਨੇੜੇ ਤੇੜੇ ਦੇ ਸਾਲਾਂ ਵਿਚ ਤਤਕਾਲੀਨ ਸੋਵੀਅਤ ਸੰਘ ਤੋਂ ਖਰੀਦਿਆ ਸੀ। 1985 ਵਿਚ ਇਹ ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੇ ਅਤੇ ਲਗਾਤਾਰ ਤਿੰਨ ਦਹਾਕੇ ਤੋਂ ਜ਼ਿਆਦਾ ਸਮਾਂ ਤਕ ਦੇਸ਼ ਦੇ ਗੌਰਵਸ਼ਾਲੀ ਸੇਵਾ ਦੌਰਾਨ ਇਨ੍ਹਾਂ ਜਹਾਜ਼ਾਂ ਨੇ ਕਾਰਗਿਲ ਸਣੇ ਵੱਖ ਵੱਖ ਮੁਹਿੰਮਾਂ ਵਿਚ ਆਪਣੀ ਮਹੱਤਤਾ ਸਾਬਤ ਕੀਤੀ।

ਹਵਾਈ ਸੈਨਾ ਦੇ ਸਾਰੇ ਪ੍ਰਮੁੱਖ ਆਪਰੇਸ਼ਨਾਂ ਵਿਚ ਭਾਗ ਲੈਣ ਦੇ ਨਾਲ ਨਾਲ ਮਿਗ27 ਨੇ 1999 ਦੇ ਕਾਰਗਿਲ ਦੇ ਯੁੱਧ ਵਿਚ ਵੀ ਇਕ ਅਹਿਮ ਭੂਮਿਕਾ ਨਿਭਾਈ ਸੀ। ਇਸ ਫਾਈਟਰ ਜੈਟ ਨੇ ਕਾਰਗਿਲ ਯੁੱਧ ਦੌਰਾਨ ਦੁਸ਼ਮਣਾਂ ਦੀ ਫੌਜ ਨੂੰ ਲੱਭ ਲੱਭ ਕੇ ਉਨ੍ਹਾਂ 'ਤੇ ਬੰਬ ਸੁੱਟੇ। ਇਸ ਜਹਾਜ਼ ਦੀ ਖਾਸੀਅਤ ਹੈ ਕਿ ਇਸ ਵਿਚ ਲੱਗੇ ਆਰ29 ਇੰਜਣ ਦੀ ਮਦਦ ਨਾਲ ਇਹ ਬੇਹੱਦ ਘੱਟ ਉਚਾਈ 'ਤੇ ਤੇਜ਼ੀ ਨਾਲ ਉਡਾਨ ਭਰ ਸਕਦਾ ਸੀ।

ਇਨ੍ਹਾਂ ਜਹਾਜ਼ਾਂ ਦਾ ਜੀਵਨਕਾਲ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ ਅਤੇ ਹਾਲ ਹੀ ਵਿਚ ਦੇਸ਼ ਭਰ ਤੋਂ ਇਨ੍ਹਾਂ ਜਹਾਜ਼ਾਂ ਵਿਚ ਤਕਨੀਕੀ ਖਰਾਬੀਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। 31 ਮਾਰਚ ਨੂੰ ਜੋਧਪੁਰ ਵਿਚ ਸਿਰੋਹੀ ਪਿੰਡ ਕੋਲ, 4 ਸਤੰਬਰ ਨੂੰ ਵੀ ਜੋਧਪੁਰ ਕੋਲ ਮਿਗ 27 ਜਹਾਜ਼ ਦੁਰਘਟਨਾਗ੍ਰਸਤ ਹੋਏ ਸਨ। ਇਨ੍ਹਾਂ ਜਹਾਜ਼ਾਂ ਦੇ ਪਾਇਲਟ ਅਤੇ ਕੋ ਪਾਇਲਟ ਦੀ ਜਾਨ ਚਮਤਕਾਰਿਕ ਰੂਪ ਵਿਚ ਬਚ ਗਈ ਸੀ।

Posted By: Tejinder Thind