ਜੇਐੱਨਐੱਨ, ਦੇਹਰਾਦੂਨ : ਭਾਰਤ ਤੇ ਮਿਆਂਮਾਰ ਨੂੰ ਜੋੜਨ ਲਈ ਸੜਕ ਨਿਰਮਾਣ ਦੀ ਸੰਭਾਵਨਾ ਤਲਾਸ਼ਣ ਗਏ ਉੱਤਰਾਖੰਡ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਸ਼ਰਮਾ ਅਤੇ ਕੇਦਾਰਨਾਥ ਪੁਨਰਨਿਰਮਾਣ ਕੰਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਜੈ ਕੋਠੀਆਲ ਸਮੇਤ ਚਾਰ ਭਾਰਤੀ ਸਹੀ ਸਲਾਮਤ ਵਾਪਸ ਘਰ ਪਰਤ ਆਏ ਹਨ। ਇਨ੍ਹਾਂ ਸਾਰਿਆਂ ਨੂੰ ਮਿਆਂਮਾਰ ਦੀ ਬਾਗ਼ੀ ਫ਼ੌਜ ਅਰੱਕਨ ਨੇ ਬੰਧਕ ਬਣਾ ਲਿਆ ਸੀ। ਹਾਲਾਂਕਿ, ਇਸ ਦੌਰਾਨ ਦਿੱਲੀ ਨਿਵਾਸੀ ਅਤੇ ਦਲ ਦੇ ਪੰਜਵੇਂ ਮੈਂਬਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਭਾਰਤ-ਮਿਆਂਮਾਰ ਨੂੰ ਸੜਕ ਮਾਰਗ ਨਾਲ ਜੋੜਨ ਲਈ ਭਾਰਤ ਸਰਕਾਰ 109 ਕਿਲੋਮੀਟਰ ਲੰਬੇ ਸੜਕੀ ਪ੍ਰਰਾਜੈਕਟ 'ਤੇ ਕੰਮ ਕਰ ਰਹੀ ਹੈ। ਇਹ ਕੰਮ ਪਿਛਲੇ ਕਰੀਬ ਪੰਜ ਸਾਲ ਤੋਂ ਲਟਕਿਆ ਸੀ। ਅਜਿਹੇ ਵਿਚ ਕੇਦਾਰਨਾਥ ਪੁਨਰਨਿਰਮਾਣ ਦੇ ਸਫਲ ਕੰਮ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਸ਼ਰਮਾ ਨੂੰ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਕੇਦਾਰਨਾਥ ਵਿਚ ਕੰਮ ਦੇ ਤਜਰਬੇ ਨੂੰ ਦੇਖਦੇ ਹੋਏ ਸਾਬਕਾ ਮੁੱਖ ਸਕੱਤਰ ਨੇ ਉੱਤਰਾਖੰਡ ਦੇ ਅਜੈ ਕੋਠੀਆਲ ਸਮੇਤ ਤਿੰਨ ਹੋਰ ਲੋਕਾਂ ਨੂੰ ਮਿਆਂਮਾਰ ਸਰਹੱਦ 'ਤੇ ਰੇਕੀ ਦੇ ਕੰਮ ਲਈ ਆਪਣੇ ਨਾਲ ਸ਼ਾਮਲ ਕਰ ਲਿਆ ਸੀ। ਇਹ ਪੰਜ ਮੈਂਬਰੀ ਦਲ ਤਿੰਨ ਨਵੰਬਰ ਨੂੰ ਮਿਆਂਮਾਰ ਪੁੱਜਾ ਸੀ। ਇਸ ਦੌਰਾਨ ਮਿਆਂਮਾਰ ਦਾ ਇਸ ਸੰਸਦ ਮੈਂਬਰ ਵੀ ਉਸੇ ਖੇਤਰ ਵਿਚ ਸੀ, ਜਿੱਥੇ ਭਾਰਤੀ ਦਲ ਪੁੱਜਾ ਸੀ। ਇਸ ਨੂੰ ਲੈ ਕੇ ਬਾਗ਼ੀ ਫ਼ੌਜ ਅਰੱਕਨ ਨੇ ਮਿਆਂਮਾਰ ਦੇ ਸੰਸਦ ਮੈਂਬਰ ਸਮੇਤ ਭਾਰਤੀ ਦਲ ਦੇ ਸਾਰੇ ਪੰਜ ਮੈਂਬਰਾਂ ਨੂੰ ਵੀ ਬੰਧਕ ਬਣਾ ਲਿਆ। ਹਾਲਾਂਕਿ, ਜਦੋਂ ਅਰੱਕਨ ਫ਼ੌਜ ਨੂੰ ਪਤਾ ਲੱਗਾ ਕਿ ਸੰਸਦ ਮੈਂਬਰ ਤੋਂ ਇਲਾਵਾ ਹੋਰ ਲੋਕ ਭਾਰਤੀ ਨਾਗਰਿਕ ਹਨ ਤਾਂ ਉਨ੍ਹਾਂ ਇਸ ਦੀ ਪੁਖਤਾ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ। ਉਸੇ ਦੌਰਾਨ ਦਹਿਸ਼ਤ ਕਾਰਨ ਭਾਰਤੀ ਦਲ ਵਿਚ ਸ਼ਾਮਲ ਦਿੱਲੀ ਨਿਵਾਸੀ ਵੇਣੂ ਗੋਪਾਲ ਨਾਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਿਹਾਅ ਹੋਣ ਤੋਂ ਬਾਅਦ ਭਾਰਤੀ ਦਲ ਵੇਣੂ ਗੋਪਾਲ ਦੀ ਲਾਸ਼ ਨੂੰ ਭਾਰਤ ਲੈ ਕੇ ਵਾਪਸ ਪਰਤ ਆਇਆ ਹੈ। ਦਲ ਦੇ ਸਾਰੇ ਮੈਂਬਰ ਆਪਣੇ-ਆਪਣੇ ਘਰ ਪਹੁੰਚ ਚੁੱਕੇ ਹਨ। ਘਟਨਾ ਨੂੰ ਲੈਕੇ ਕਿਸੇ ਵੀ ਵਿਅਕਤੀ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਦਲ ਨੇ ਸਿਰਫ਼ ਘਟਨਾ ਦੀ ਪੁਸ਼ਟੀ ਭਰ ਕੀਤੀ ਹੈ।