ਨਵੀਂ ਦਿੱਲੀ : ਸਹੁੰ ਚੁੱਕਣ ਦੇ ਦੂਜੇ ਦਿਨ ਲੋਕ ਸਭਾ 'ਚ 'ਜੈ ਹਿੰਦ, ਭਾਰਤ ਮਾਤਾ ਦੀ ਜੈਅ, ਇਨਕਲਾਬ ਜ਼ਿੰਦਾਬਾਦ, ਜੈ ਸ਼੍ਰੀ ਰਾਮ, ਅੱਲ੍ਹਾ ਹੂ ਅਕਬਰ ਤੇ ਜੈ ਕਾਲੀ' ਦੇ ਨਾਅਰੇ ਖ਼ੂਬ ਗੂੰਜੇ। ਭਾਜਪਾ ਮੈਂਬਰਾਂ ਵੱਲੋਂ ਭਾਰਤ ਮਾਤਾ ਦੀ ਜੈਅ ਤੇ ਜੈ ਸ੍ਰੀ ਰਾਮ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਇਸ ਦੇ ਜਵਾਬ 'ਚ ਅਸਦੁੱਦੀਨ ਓਵੈਸੀ ਨੇ ਅੱਲ੍ਹਾ ਹੂ ਅਕਬਰ ਤੇ ਤਿ੍ਣਮੂਲ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਜੈ ਕਾਲੀ ਦਾ ਨਾਅਰਾ ਲਗਾਇਆ।

ਸਹੁੰ ਚੁੱਕਣ ਦੌਰਾਨ ਸੱਤਾ ਪੱਖ ਤੇ ਵਿਰੋਧੀ ਧਿਰ ਵਿਚਕਾਰ ਨਾਅਰੇਬਾਜ਼ੀ ਨੇ ਆਉਣ ਵਾਲੇ ਸਮੇਂ 'ਚ ਸਦਨ ਦੀ ਕਾਰਵਾਈ ਦੌਰਾਨ ਹੋਣ ਵਾਲੀ ਤਿੱਖੀ ਨੋਕਝੋਕ ਦਾ ਸੰਕੇਤ ਵੀ ਦੇ ਦਿੱਤਾ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ।

ਉਂਝ ਤਾਂ ਸਹੁੰ ਚੁੱਕਣ ਦੌਰਾਨ ਨਾਅਰੇਬਾਜ਼ੀ ਦੀ ਸ਼ੁਰੂਆਤ ਭੋਪਾਲ ਤੋਂ ਸੰਸਦ ਮੈਂਬਰ ਬਣੀ ਪ੍ਰਗਿਆ ਠਾਕੁਰ ਨੇ ਭਾਰਤ ਮਾਤਾ ਦੀ ਜੈਅ ਦਾ ਨਾਅਰਾ ਲਗਾ ਕੇ ਕੀਤਾ। ਪਰ ਇਸ ਤੋਂ ਬਾਅਦ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਉਹ ਮੰਗਲਵਾਰ ਨੂੰ ਪੂਰੇ ਦਿਨ ਜਾਰੀ ਰਹੀ। ਸਹੁੰ ਚੁੱਕਣ ਲਈ ਜਦੋਂ ਅਸਦੁੱਦੀਨ ਓਵੈਸੀ ਦਾ ਨਾਂ ਲਿਆ ਗਿਆ ਤਾਂ ਭਾਜਪਾ ਨੇ ਬੈਂਚ ਥਾਪੜ ਕੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਚਿੜ੍ਹੇ ਓਵੈਸੀ ਨੇ ਸਹੁੰ ਚੁੱਕਣ ਤੋਂ ਬਾਅਦ 'ਜੈ ਭੀਮ, ਜੈ ਭੀਮ, ਅੱਲ੍ਹਾ ਹੂ ਅਕਬਰ, ਜੈ ਹਿੰਦ' ਦਾ ਨਾਅਰਾ ਲਗਾਇਆ। ਬਾਅਦ 'ਚ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੈਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਯਾਦ ਆਉਂਦੀਆਂ ਹਨ, ਪਰ ਉਮੀਦ ਕਰਦਾ ਹਾਂ ਕਿ ਉਨ੍ਹਾਂ ਨੂੰ ਸੰਵਿਧਾਨ ਤੇ ਮੁਜ਼ੱਫਨਪੁਰ 'ਚ ਬੱਚਿਆਂ ਦੀ ਮੌਤ ਵੀ ਯਾਦ ਆਉਂਦੀ ਰਹੇਗੀ।ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਹਲਫ਼ ਪੱਤਰ ਤੋਂ ਬਾਅਦ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਉਹ ਵੰਦੇ ਮਾਤਰਮ ਨਹੀਂ ਕਹਿਣਗੇ ਕਿਉਂਕਿ ਇਹ ਇਸਲਾਮ ਦੇ ਖ਼ਿਲਾਫ਼ ਹਨ। ਭਾਜਪਾ ਸੰਸਦ ਮੈਂਬਰਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਚੇਤੇ ਰਹੇ ਕਿ ਇਜਲਾਸ ਦੇ ਸਮਾਪਤੀ ਵੇਲੇ ਵੰਦੇ ਮਾਤਰਮ ਵਜਾਇਆ ਜਾਂਦਾ ਹੈ।

ਖ਼ਾਸ ਤੌਰ 'ਤੇ ਚੋਣਾਂ ਦੌਰਾਨ ਤਿੱਖੀ ਲੜਾਈ ਵਾਲੇ ਸੂਬਿਆਂ ਤੋਂ ਆਏ ਸੰਸਦ ਮੈਂਬਰਾਂ ਨੇ ਜ਼ਿਆਦਾ ਨਾਅਰੇਬਾਜ਼ੀ ਕੀਤੀ। ਪੱਛਮੀ ਬੰਗਾਲ ਤੋਂ ਭਾਜਪਾ ਸੰਸਦ ਮੈਂਬਰਾਂ ਨੇ ਭਾਰਤ ਮਾਤਾ ਦੀ ਜੈ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਜਦਕਿ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਜੈ ਕਾਲੀ ਦਾ ਸਹਾਰਾ ਲਿਆ। ਭਾਜਪਾ ਦੀ ਸਹਿਯੋਗੀ ਅੰਨਾ ਦ੍ਮੁਕ ਨੂੰ ਸਖ਼ਤ ਮੁਕਾਬਲੇ 'ਚ ਵਧੇਰੇ ਸੀਟਾਂ 'ਤੇ ਹਰਾਉਣ 'ਚ ਕਾਮਯਾਬ ਰਹੇ ਡੀਐੱਕੇ ਦੇ ਸੰਸਦ ਮੈਂਬਰ ਵੀ ਜੈ ਅੰਬੇਡਕਰ, ਜੈ ਪੇਰੀਆਰ ਵਰਗੇ ਨਾਅਰੇ ਲਗਾਉਂਦੇ ਰਹੇ।

'ਮੰਦਰ ਵਹੀਂ ਬਣਾਏਗੇ'

ਉਨਾਵ ਤੋਂ ਜਿੱਤ ਕੇ ਆਏ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸਹੁੰ ਚੁੱਕਣ ਤੋਂ ਬਾਅਦ ਜੈ ਸ਼੍ਰੀ ਰਾਮ ਕਿਹਾ। ਭਾਜਪਾ ਸੰਸਦ ਮੈਂਬਰਾਂ ਨੇ ਬੈਂਚ ਥਾਪੜ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ 'ਮੰਦਰ ਵਹੀਂ ਬਣਾਏਂਗੇ' ਦੇ ਨਾਅਰੇ ਲਗਾਉਣ ਲੱਗੇ।