ਸਟੇਟ ਬਿਊਰੋ, ਜੰਮੂ : ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਮਜ਼ਹਬੀ ਅਤੇ ਸਿਆਸੀ ਧਰੁੱਵੀਕਰਨ ਦੇ ਏਜੰਡੇ ਨੂੰ ਅੱਗੇ ਵਧਾਉਣ ਵਿਚ ਲੱਗੀ ਮਹਿਬੂਬਾ ਮੁਫ਼ਤੀ ਦਾ ਪਾਕਿਸਤਾਨ ਪ੍ਰੇਮ ਉਮੜ ਆਇਆ ਹੈ। ਹੁਣ ਮੁੱਖ ਮੰਤਰੀ ਨੂੰ ਉਥੇ ਘੱਟ-ਗਿਣਤੀਆਂ ਪ੍ਰਤੀ ਹਾਲਾਤ ਬਿਹਤਰ ਵਿਖਾਈ ਦੇਣ ਲੱਗੇ ਹਨ। ਨਾਲ ਹੀ ਉਨ੍ਹਾਂ ਨੇ ਜੋੜਿਆ ਕਿ ਸਾਡੇ ਦੇਸ਼ ਵਿਚ ਘੱਟ-ਗਿਣਤੀਆਂ ਪ੍ਰਤੀ ਨਜ਼ਰੀਆ ਹੁਣ ਬਦਲਣ ਲੱਗਾ ਹੈ। ਉਨ੍ਹਾਂ ਨੇ ਆਪਣੀ ਇਹ ਪ੍ਰਤੀਕਿਰਿਆ ਹਾਲ ਹੀ 'ਚ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਨਾਗਰਿਕਤਾ ਸੋਧ ਬਿੱਲ 'ਤੇ ਜਾਰੀ ਵਿਵਾਦ 'ਤੇ ਪ੍ਰਗਟ ਕੀਤੀ ਹੈ। ਗੁਆਂਢੀ ਦੇਸ਼ਾਂ ਦੇ ਘੱਟ-ਗਿਣਤੀ ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਸਬੰਧੀ ਬਿੱਲ ਨੂੰ ਉਨ੍ਹਾਂ ਨੇ ਹਿੰਦੂ-ਮੁਸਲਿਮ ਦੀ ਸਿਆਸਤ ਨਾਲ ਜੋੜਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਵੀ ਇਹ ਕਹਿ ਕੇ ਸ਼ਲਾਘਾ ਕੀਤੀ ਕਿ ਉਥੇ ਘੱਟ ਗਿਣਤੀਆਂ ਨੂੰ ਲੈ ਕੇ ਨਜ਼ਰੀਆ ਬਦਲ ਰਿਹਾ ਹੈ।