ਜੇਐੱਨਐੱਨ, ਫਰੀਦਾਬਾਦ : ਦਵਾਈ ਨਿਰਮਾਤਾ ਕੰਪਨੀ ਵੱਲੋਂ ਜਲੰਧਰ ਸਥਿਤ ਸੈਨਿਕ ਹਸਪਤਾਲ ਨੂੰ ਸਪਲਾਈ ਕੀਤੀ ਗਈ ਦਵਾਈ ਦੇ ਬਿੱਲ 'ਤੇ ਅੰਕਿਤ ਨੰਬਰ ਤੇ ਉਸ ਦੇ ਬੈਚ ਨੰਬਰ ਵਿਚ ਫ਼ਰਕ ਹੈ। ਯਾਨੀ ਸੈਨਿਕ ਹਸਪਤਾਲ ਨੂੰ ਕਿਸੇ ਹੋਰ ਬੈਚ ਦੀ ਦਵਾਈ ਭੇਜੀ ਗਈ ਜਦਕਿ ਕੰਪਨੀ ਨੇ ਬਿੱਲ ਦੂਜੇ ਬੈਚ ਨੰਬਰ ਦਾ ਬਣਾ ਕੇ ਫਰੀਦਾਬਾਦ ਦੀ ਦਵਾਈ ਡਿਸਟ੍ਰੀਬਿਊਟਰ ਕੰਪਨੀ ਨੂੰ ਭੇਜ ਦਿੱਤਾ। ਕੇਂਦਰ ਤੇ ਸੂਬੇ ਦੀ ਡਰੱਗ ਕੰਟਰੋਲ ਵਿਭਾਗ ਦੀ ਟੀਮ ਦੀ ਜਾਂਚ 'ਚ ਇਹ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਅਜੇ ਇਹ ਸਥਿਤੀ ਸਾਫ਼ ਨਹੀਂ ਹੋ ਸਕੀ ਕਿ ਗੜਬੜ ਲੁਧਿਆਣੇ ਦੀ ਦਵਾਈ ਨਿਰਮਾਤਾ ਕੰਪਨੀ ਦੀ ਹੈ ਜਾਂ ਫਿਰ ਫਰੀਦਾਬਾਦ ਦੇ ਡਿਸਟ੍ਰੀਬਿਊਟਰ ਦੀ ਕੋਈ ਖਾਮੀ ਹੈ।

ਫਰੀਦਾਬਾਦ ਦੀ ਦਵਾਈ ਡਿਸਟ੍ਰੀਬਿਊਟਰ ਕੰਪਨੀ ਕੋਲ ਸਾਲ 2013-14 ਤੋਂ ਦਵਾਈ ਕਾਰੋਬਾਰ ਦਾ ਲਾਇਸੈਂਸ ਹੈ। ਦਵਾਈਆਂ 'ਚ ਗੜਬੜ ਦੇ ਖ਼ਦਸ਼ੇ ਦੇ ਚੱਲਦਿਆਂ ਜਲੰਧਰ ਸਥਿਤ ਸੈਨਿਕ ਹਸਪਤਾਲ ਨੇ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸੂਬੇ ਦੇ ਡਰੱਗ ਕੰਟਰੋਲ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਕੇਂਦਰ ਦੇ ਤਿੰਨ ਡਰੱਗ ਕੰਟਰੋਲ ਤੇ ਜ਼ਿਲ੍ਹੇ ਦੇ ਦੋ ਸੀਨੀਅਰ ਡਰੱਗ ਕੰਟਰੋਲ ਅਧਿਕਾਰੀਆਂ ਨੇ 5 ਜੁਲਾਈ ਨੂੰ ਫਰੀਦਾਬਾਦ 'ਚ ਦਵਾਈ ਕੰਪਨੀ ਵਿਚ ਛਾਪੇਮਾਰੀ ਕੀਤੀ ਸੀ। ਡਰੱਗ ਕੰਟਰੋਲ ਵਿਭਾਗ ਵੱਲੋਂ ਫਰੀਦਾਬਾਦ ਦੀ ਕੰਪਨੀ ਨੂੰ ਨੋਟਿਸ ਦੇ ਕੇ ਸੈਨਿਕ ਹਸਪਤਾਲ ਨੂੰ ਸਪਲਾਈ ਕੀਤੀ ਗਈ ਦਵਾਈ ਦੀ ਖ਼ਰੀਦ ਦਾ ਬਿਓਰਾ ਮੰਗਿਆ ਗਿਆ ਹੈ। ਜੇ ਡਿਸਟ੍ਰੀਬਿਊਟਰ ਕੰਪਨੀ ਨੇ ਬੈਚ ਨੰਬਰ ਮੁਤਾਬਕ ਦਵਾਈ ਖ਼ਰੀਦ ਦਾ ਸਹੀ ਰਿਕਾਰਡ ਨਹੀਂ ਦਿਖਾਇਆ ਤਾਂ ਵਿਭਾਗ ਅੱਗੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰੇਗਾ। ਵਿਭਾਗ ਨੇ ਉਂਜ ਪੰਜ ਜੁਲਾਈ ਨੂੰ ਗੁਣਵਤਾ ਦੀ ਜਾਂਚ ਲਈ ਕਈ ਦਵਾਈਆਂ ਦੇ ਨਮੂਨੇ ਲਈ ਸਨ। ਡਿਸਟ੍ਰੀਬਿਊਟਰ ਕੰਪਨੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ 'ਤੇ ਰਿਕਾਰਡ ਦੀ ਜਾਂਚ ਕਰ ਰਹੇ ਹਨ। ਦਵਾਈ ਦੀ ਗੁਣਵਤਾ 'ਚ ਕੋਈ ਕਮੀ ਨਹੀਂ ਮਿਲੇਗੀ। ਸੂਬੇ ਦੇ ਡਰੱਗ ਕੰਟਰੋਲ ਅਧਿਕਾਰੀ ਐੱਨ ਕੇ ਆਹੂਜਾ ਨੇ ਦੱਸਿਆ ਕਿ ਵਿਭਾਗੀ ਜਾਂਚ ਪੂਰੀ ਹੋਣ 'ਚ ਅਜੇ ਸਮਾਂ ਲੱਗੇਗਾ। ਅਜੇ ਤਾਂ ਫਰੀਦਾਬਾਦ ਦੀ ਕੰਪਨੀ ਵੱਲੋਂ ਦਵਾਈ ਖ਼ਰੀਦ ਦੇ ਬਿੱਲ ਦਾ ਇੰਤਜ਼ਾਰ ਹੈ।