ਨਈ ਦੁਨੀਆ, ਬਿਲਾਸਪੁਰ : ਕੋਰੋਨਾ ਇਨਫੈਕਸ਼ਨ ਦੇ ਦੌਰ 'ਚ ਹੁਣ ਮੈਡੀਕਲ ਸਿੱਖਿਆ 'ਚ ਵੀ ਅਹਿਮ ਬਦਲਾਅ ਦੇਖਣ ਨੂੰ ਮਿਲੇਗਾ। ਮੈਡੀਕਲ ਕੌਂਸਲ ਆਫ ਇੰਡੀਆ (ਐੱਮਸੀਆਈ) ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਮੈਡੀਕਲ ਕਾਲਜਾਂ 'ਚ ਵਾਇਰੋਲਾਜੀ ਲੈਬ ਨੂੰ ਜ਼ਰੂਰੀ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ 'ਚ ਇਸ ਗੱਲ ਦੀ ਹਦਾਇਤ ਦਿੱਤੀ ਗਈ ਹੈ ਕਿ ਬਗੈਰ ਲੈਬ ਦੇ ਮੈਡੀਕਲ ਕਾਲਜਾਂ ਨੂੰ ਮਾਨਤਾ ਨਹੀਂ ਮਿਲੇਗੀ।

ਇਸ ਤਰ੍ਹਾਂ ਮੈਡੀਕਲ ਕਾਲਜ ਸੰਚਾਲਨ ਤੋਂ ਪਹਿਲਾਂ ਵਾਇਰੋਲਾਜੀ ਲੈਬ ਲਈ ਪ੍ਰਬੰਧਕਾਂ ਨੂੰ ਮੁਸ਼ੱਕਤ ਕਰਨੀ ਪਵੇਗੀ। ਨੋਟੀਫਿਕੇਸ਼ਨ ਤੋਂ ਬਾਅਦ ਹੁਣ ਦੇਸ਼ ਦੇ ਹਰੇਕ ਮੈਡੀਕਲ ਕਾਲਜ 'ਚ ਬਾਇਓ ਸੇਫਟੀ ਲੈਵਲ ਦੋ ਪੱਧਰ ਦੀ ਵਾਇਰੋਲਾਜੀ ਲੈਬ ਦਾ ਨਿਰਮਾਣ ਜ਼ਰੂਰੀ ਹੋ ਗਿਆ ਹੈ। ਮੈਡੀਕਲ ਕਾਲਜਾਂ ਨੂੰ ਐੱਮਬੀਬੀਐੱਸ 'ਚ 50, 100, 150, 200 ਤੇ 250 ਵਿਦਿਆਰਥੀਆਂ ਦੇ ਦਾਖ਼ਲੇ ਲਈ ਮਾਨਤਾ ਦਿੱਤੀ ਜਾਂਦੀ ਹੈ। ਇਸ ਲਈ ਵਾਇਰੋਲਾਜੀ ਲੈਬ ਨਾਲ ਹੀ ਮੁੱਢਲੇ ਢਾਂਚੇ, ਤਕਨੀਕੀ ਮਾਹਿਰਾਂ ਤੇ ਸਹਾਇਕਾਂ ਦੀ ਮੌਜੂਦਗੀ ਤੇ ਜਾਂਚ ਪੜਤਾਲ ਲਈ ਤਕਨੀਕੀ ਦੇ ਨਾਲ ਹੀ ਮਾਪਦੰਡਾਂ 'ਚ ਪੂਰੀ ਤਰ੍ਹਾਂ ਖ਼ਰਾ ਉਤਰਨ ਵਾਲੇ ਉਪਕਰਨਾਂ ਨੂੰ ਲਾਉਣਾ ਪਵੇਗਾ। ਐੱਮਸੀਆਈ ਨੇ ਮਿਨੀਮਮ ਸਟੈਂਡਰਡ ਰੈਗੂਲੇਸ਼ਨ (ਸੋਧਿਆ ਹੋਇਆ) 2020 ਤਹਿਤ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਐੱਮਸੀਆਈ ਦੀ ਬੋਰਡ ਆਫ ਗਵਰਨੈੱਸ ਨੇ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਦੇਸ਼ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਲੈਬ ਨੂੰ ਇਸ ਲਈ ਕੀਤਾ ਲਾਜ਼ਮੀ

ਲੈਬ ਦੀ ਲਾਜ਼ਮੀਅਤਾ ਨਾਲ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਇਨਫੈਕਸ਼ਨ ਸਬੰਧੀ ਬਿਮਾਰੀਆਂ ਦੀ ਜਾਂਚ 'ਚ ਸੌਖ ਹੋਵੇਗੀ। ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਵਾਇਰਸ ਦਾ ਅਧਿਐਨ ਵੀ ਕਰ ਸਕਣਗੇ। ਨਵੇਂ ਵਾਇਰਸ ਦਾ ਅਧਿਐਨ ਦਾ ਮੌਕਾ ਮਿਲੇਗਾ। ਇਸ ਨਾਲ ਬਿਮਾਰੀਆਂ ਦੀ ਪਛਾਣ ਵੀ ਸੌਖੀ ਹੋਵੇਗੀ।

ਮੈਡੀਕਲ ਕੌਂਸਲ ਆਫ ਇੰਡੀਆ ਨੇ ਗਜ਼ਟ ਨੋਟੀਫਿਕੇਸ਼ਨ ਰਾਹੀਂ ਮੈਡੀਕਲ ਕਾਲਜਾਂ 'ਚ ਵਾਇਰੋਲਾਜੀ ਲੈਬ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਗੈਰ ਹੁਣ ਮਾਨਤਾ ਨਹੀਂ ਮਿਲੇਗੀ। ਕੋਰੋਨਾ ਇਨਫੈਕਸ਼ਨ ਦੇ ਦੌਰ 'ਚ ਵਾਇਰਸ ਦੀ ਵਾਇਰੋਲਾਜੀ ਲੈਬ 'ਚ ਹੀ ਜਾਂਚ ਹੋ ਸਕਦੀ ਹੈ। ਲਿਹਾਜ਼ਾ ਐੱਮਸੀਆਈ ਨੇ ਮੈਡੀਕਲ ਕਾਲਜਾਂ 'ਚ ਵਾਇਰੋ ਸੇਫਟੀ ਲੈਵਲ ਦੋ ਦੀ ਵਾਇਰੋਲਾਜੀ ਲੈਬ ਖੋਲ੍ਹਣ ਦੀ ਲਾਜ਼ਮੀਅਤਾ ਰੱਖ ਦਿੱਤੀ ਹੈ।

ਡਾ. ਐੱਸਐੱਲ ਆਦਿਲੇ, ਡਾਇਰੈਕਟਰ ਮੈਡੀਕਲ ਐਜੂਕੇਸ਼ਨ, ਛੱਤੀਸਗੜ੍ਹ