ਜਾਗਰਣ ਬਿਊਰੋ, ਨਵੀਂ ਦਿੱਲੀ : ਅਯੁੱਧਿਆ 'ਚ ਸ਼੍ਰੀਰਾਮ ਮੰਦਰ ਵਿਵਾਦ 'ਤੇ ਭਾਜਪਾ ਸਮੇਤ ਸੰਘ ਪਰਿਵਾਰ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਣ ਵਾਲੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਸੁਪਰੀਮ ਕੋਰਟ ਦੇ ਫ਼ੈਸਲਾ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਪੋਲਿਟ ਬਿਊਰੋ ਨੇ ਬਿਆਨ ਜਾਰੀ ਕਰ ਕੇ ਅਯੁੱਧਿਆ 'ਚ ਢਾਂਚਾ ਢਾਹੁਣ ਵਾਲੇ ਨੂੰ ਸਜ਼ਾ ਦਿਵਾਉਣ ਦੀ ਮੰਗ ਵੀ ਦੁਹਰਾਈ ਹੈ। ਜਾਰੀ ਬਿਆਨ 'ਚ ਸਿਖ਼ਰਲੀ ਅਦਾਲਤ ਦੇ ਫ਼ੈਸਲੇ ਨੂੰ ਇਕ ਪਾਸੇ ਤਾਂ ਨਿਆਪੂਰਨ ਕਿਹਾ ਗਿਆ ਹੈ, ਉਥੇ ਦੂਜੇ ਪਾਸੇ ਉਸ ਦੇ ਕੁਝ ਪਹਿਲੂਆਂ 'ਤੇ ਇਤਰਾਜ਼ ਪ੍ਰਗਟਾਉਣ ਦੀ ਗੱਲ ਵੀ ਕਹੀ ਗਈ ਹੈ। ਦੇਸ਼ ਦੇ ਬਦਲਦੇ ਸਿਆਸੀ ਪਰਿਪੇਖ ਮੁਤਾਬਕ ਆਪਣੀ ਸਿਆਸੀ ਵਿਚਾਰਧਾਰਾ ਕਰ ਕੇ ਖੱਬੇ ਪੱਖੀ ਪਾਰਟੀਆਂ ਰਾਜਨੀਤੀ ਦੇ ਹਾਸ਼ੀਏ 'ਤੇ ਪੁੱਜ ਗਈਆਂ ਹਨ। ਕਾਂਗਰਸ ਸਮੇਤ ਹੋਰ ਗ਼ੈਰ ਸਿਆਸੀ ਪਾਰਟੀਆਂ ਨੇ ਅਯੁੱਧਿਆ 'ਤੇ ਆਏ ਫ਼ੈਸਲੇ ਦਾ ਸਵਾਗਤ ਕਰਨ 'ਚ ਦੇਰ ਨਹੀਂ ਲਾਈ। ਖੱਬੇ ਪੱਖੀ ਪਾਰਟੀਆਂ 'ਚ ਮਾਕਪਾ ਨੇ ਫ਼ੈਸਲੇ ਦਾ ਸਵਾਗਤ ਤਾਂ ਕੀਤਾ ਪਰ ਕੁਝ ਕਿੰਤੂ-ਪ੍ਰੰਤੂ ਨਾਲ। ਮਾਕਪਾ ਪੋਲਿਟ ਬਿਊਰੋ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਦਾਲਤ ਦੇ ਪੰਜ ਜੱਜਾਂ ਦੇ ਬੈਂਚ ਦੇ ਸ਼ਨਿਚਰਵਾਰ ਨੂੰ ਦਿੱਤੇ ਫ਼ੈਸਲੇ 'ਚ ਮੰਦਰ ਵਿਵਾਦ ਖ਼ਤਮ ਹੋ ਗਿਆ ਹੈ ਪਰ ਕੁਝ ਸੰਪ੍ਰਦਾਇਕ ਤਾਕਤਾਂ ਨੇ ਇਸੇ ਵਿਵਾਦ ਦੇ ਨਾਂ 'ਤੇ ਪੂਰੇ ਦੇਸ਼ 'ਚ ਖ਼ੂਨ-ਖ਼ਰਾਬਾ ਕੀਤਾ, ਜਿਸ 'ਚ ਕਈ ਜਾਨਾਂ ਗਈਆਂ।

ਤੱਥ ਇਹ ਹੈ ਕਿ ਹਿੰਦੀ ਭਾਸ਼ਾ ਵਾਲੇ ਸੂਬਿਆਂ 'ਚ ਜਦੋਂ ਮੰਦਰ ਅੰਦੋਲਨ ਜ਼ੋਰ ਫੜ ਰਿਹਾ ਸੀ, ਉਸ ਸਮੇਂ ਖੱਬੇ ਪੱਖੀ ਪਾਰਟੀਆਂ ਨੇ ਵੱਖਰਾ ਰਾਗ ਅਲਾਪਿਆ। ਇਸ ਕਾਰਨ ਇਸ ਪੂਰੀ ਹਿੰਦੀ ਪੱਟੀ 'ਚ ਖੱਬੇ ਪੱਖੀ ਪਾਰਟੀਆਂ ਦਾ ਸਫ਼ਾਇਆ ਹੋ ਗਿਆ। ਮਾਕਪਾ ਜਨਰਲ ਸਕੱਤਰ ਸੀਤਾਰਾਮ ਯੈਚੁਰੀ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਸੀ ਕਿ ਵਿਵਾਦ ਆਪਸ 'ਚ ਗੱਲਬਾਤ ਨਾਲ ਹੱਲ ਕੀਤਾ ਜਾਵੇ ਪਰ ਨਹੀਂ ਹੱਲ ਹੋਇਆ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੰਨਿਆ ਜਾਣਾ ਚਾਹੀਦਾ। ਯੈਚੁਰੀ ਦਾ ਕਹਿਣਾ ਹੈ, 'ਅਦਾਲਤ ਨੇ ਇਸ ਮਾਮਲੇ ਨੂੰ ਹੱਲ ਤਾਂ ਕਰ ਲਿਆ ਹੈ ਪਰ ਇਸ ਦੇ ਕੁਝ ਅਜਿਹੇ ਪਹਿਲੂ ਹਨ ਜਿਨ੍ਹਾਂ 'ਤੇ ਸਵਾਲ ਉੱਠਦੇ ਹਨ।'

ਮਾਕਪਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ 'ਚ 1992 'ਚ ਬਾਬਰੀ ਮਸਜਿਦ ਦੇ ਢਾਹੁਣ ਨੂੰ ਕਾਨੂੰਨ ਦੀ ਉਲੰਘਣਾ ਕਿਹਾ ਗਿਆ ਹੈ, ਜੋ ਅਪਰਾਧ ਹੈ। ਇਹ ਧਰਮ ਨਿਰਪੇਖਤਾ ਦੇ ਸਿਧਾਂਤਾਂ 'ਤੇ ਹਮਲਾ ਸੀ। ਯੈਚੁਰੀ ਨੇ ਕਿਹਾ, 'ਮਸਜਿਦ ਢਾਹੁਣ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਦੀ ਸੁਣਾਈ ਤੇਜ਼ੀ ਨਾਲ ਹੋਣੀ ਚਾਹੀਦੀ ਤਾਂ ਕਿ ਅਪਰਾਧੀਆਂ ਨੂੰ ਸਜ਼ਾ ਮਿਲ ਸਕੇ।' ਪੋਲਿਟ ਬਿਊਰੋ ਦੇ ਬਿਆਨ 'ਚ ਅਦਾਲਤ ਦੇ ਫ਼ੈਸਲੇ 'ਚ 1991 ਦੇ ਧਾਰਮਿਕ ਸਥਾਨ ਐਕਟ ਦੇ ਜ਼ਿਕਰ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਭਵਿੱਖ 'ਚ ਮੁੜ ਅਜਿਹੇ ਮਾਮਲੇ ਨਾ ਉਠਾਏ ਜਾਣ। ਇਸ਼ਾਰਾ ਕਾਸ਼ੀ ਤੇ ਮਥੁਰਾ ਦੇ ਮੰਦਰਾਂ ਵੱਲ ਹੈ। ਯੈਚੁਰੀ ਨੇ ਆਪਣੇ ਟਵੀਟ 'ਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਅਜਿਹੀ ਕੋਈ ਹਰਕਤ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਨਾਲ ਸੰਪ੍ਰਦਾਇਕ ਸੁਹਿਰਦਤਾ ਵਿਗੜੇ।