ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹੋਟਲ ਤਾਜ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮਾਇਆਵਤੀ ਨੇ ਇਸ ਕਾਨਫਰੰਸ ਦੀ ਸ਼ੁਰੂਆਤ 'ਚ ਹੀ ਇਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਨੀਂਦ ਉਡਾਉਣ ਵਾਲਾ ਦੱਸਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਮਾਹੌਲ ਬਹੁਤ ਖਤਰਨਾਕ ਹੈ।

ਮਾਇਆਵਤੀ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਨਾਲ ਮੋਦੀ-ਸ਼ਾਹ ਜਿਹੜੇ ਕਿ ਗੁਰੂ ਚੇਲੇ ਹਨ, ਦੀ ਨੀਂਦ ਉਡਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਅਸੀਂ 1995 ਦੇ ਗੈਸਟ ਹਾਊਸ ਕਾਂਡ ਨੂੰ ਜਨਹਿੱਤ 'ਚ ਦੇਸ਼ ਉੱਪਰ ਰੱਖਦੇ ਹੋਏ ਗੱਠਜੋੜ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਬੇਈਮਾਨੀ ਨਾਲ ਸਰਕਾਰ ਬਣਾਈ ਸੀ। ਇਸ ਦੇ ਬਾਅਦ ਤਾਂ ਅਸੀਂ ਜ਼ਿਮਨੀਚੋਣਾਂ ਵਿਚ ਭਾਜਪਾ ਨੂੰ ਹਰਾ ਕੇ ਇਨ੍ਹਾਂ ਨੂੰ ਰੋਕਣ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਚੋਣ 'ਚ ਤਾਂ ਕਾਂਗਰਸ ਦੇ ਉਮੀਦਵਾਰ ਦੀ ਤਾਂ ਜ਼ਮਾਨਤ ਜ਼ਬਤ ਹੋ ਗਈ ਸੀ। ਇਸਦੇ ਬਾਅਦ ਚਰਚਾ ਸ਼ੁਰੂ ਹੋਈ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਇਕੱਠੇ ਹੋ ਜਾਣ ਤਾਂ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਿਆ ਜਾ ਸਕਦਾ ਹੈ। ਦਲਿਤਾਂ, ਪੱਛੜਿਆਂ, ਗਰੀਬਾਂ, ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ ਹੁੰਦੇ ਦੇਖ ਕੇ ਗੈਸਟ ਹਾਊਸ ਕਾਂਡ ਨੂੰ ਕਿਨਾਰੇ ਕਰਦੇ ਹੋਏ ਅਸੀਂ ਗੱਠਜੋੜ ਦਾ ਫੈਸਲਾ ਕੀਤਾ।


ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਐਲਾਨੀ ਐਮਰਜੈਂਸੀ ਸੀ ਹੁਣ ਤਾਂ ਦੇਸ਼ 'ਚ ਅਣਐਲਾਨੀ ਐਮਰਜੈਂਸੀ ਹੈ। ਮੋਦੀ ਐਂਡ ਕੰਪਨੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਵਿਰੋਧੀਆਂ ਦੇ ਖਿਲਾਫ਼ ਮੁਕੱਦਮੇ ਦਾਇਰ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕਾਂਗਰਸ ਦੇ ਨਾਲ ਨਾਲ ਸਪਾ-ਬਸਪਾ ਗੱਠਜੋੜ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ। ਸਾਡਾ ਵੋਟ ਤਾਂ ਟਰਾਂਸਫਰ ਹੋ ਜਾਂਦਾ ਹੈ ਪਰ ਕਾਂਗਰਸ ਦਾ ਵੋਟ ਟਰਾਂਸਫਰ ਨਹੀਂ ਹੁੰਦਾ ਜਾਂ ਅੰਦਰੂਨੀ ਸਿਆਸਤ ਦੇ ਤਹਿਤ ਕਿਤੇ ਹੋਰ ਕਰਾ ਦਿੱਤਾ ਜਾਂਦਾ ਹੈ। ਇਸ ਵਿਚ ਸਾਡੇ ਵਰਗੀ ਇਮਾਨਦਾਰ ਪਾਰਟੀ ਦਾ ਵੋਟ ਘੱਟ ਜਾਂਦਾ ਹੈ। 96 'ਚ ਸਾਡੇ ਲਈ ਕੌੜਾ ਤਜਰਬਾ ਸੀ। 1993 'ਚ ਸਪਾ ਬਸਪਾ ਦਾ ਵੋਟ ਇਮਾਨਦਾਰੀ ਨਾਲ ਟਰਾਂਸਫਰ ਹੋਇਆ ਸੀ ਇਸ ਲਈ ਗੱਠਜੋੜ 'ਚ ਕੋਈ ਹਰਜ਼ ਨਹੀਂ ਹੈ। ਜੇਕਰ ਭਾਜਪਾ ਨੇ ਪਹਿਲਾਂ ਵਾਂਗ ਈਵੀਐੱਮ 'ਚ ਗੜਬੜੀ ਨਹੀਂ ਕੀਤੀ ਅਤੇ ਰਾਮ ਮੰਦਰ ਵਰਗੇ ਮੁੱਦਿਆਂ ਤੋਂ ਧਾਰਮਿਕ ਭਾਵਨਾਵਾਂ ਨੂੰ ਨਹੀਂ ਭੜਕਾਇਆ ਤਾਂ ਭਾਜਪਾ ਐਂਡ ਕੰਪਨੀ ਨੂੰ ਅਸੀਂ ਜ਼ਰੂਰ ਸੱਤਾ ਵਿਚ ਆਉਣ ਤੋਂ ਰੋਕਾਂਗੇ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ 38-38 ਸੀਟਾਂ 'ਤੇ ਲੜਾਂਗੇ। ਦੋ ਸੀਟਾਂ ਅਮੇਠੀ ਅਤੇ ਰਾਏਬਰੇਲੀ ਕਾਂਗਰਸ ਲਈ ਛੱਡੀਆਂ ਹਨ। ਦੋ ਸੀਟਾਂ ਹੋਰਨਾਂ ਕੁਝ ਪਾਰਟੀਆਂ ਲਈ ਛੱਡੀਆਂ ਹਨ। ਉਨ੍ਹਾਂ ਕਿਹਾ ਕਿ ਹਾਲੀਆ ਭਾਜਪਾ ਦੀ ਅਖਿਲੇਸ਼ ਯਾਦਵ ਦੇ ਖਿਲਾਫ ਸੀਬੀਆਈ ਜਾਂਚ ਦੀ ਸਾਜ਼ਿਸ਼ ਨਾਲ ਸਾਡਾ ਗੱਠਜੋੜ ਹੋਰ ਮਜ਼ਬੂਤ ਹੋਇਆ ਹੈ। ਭਾਜਪਾ ਦਾ ਸ਼ਿਵਪਾਲ ਐਂਡ ਕੰਪਨੀ 'ਤੇ ਪੈਸਾ ਰੋੜਨਾ ਵੀ ਕੰਮ ਨਹੀਂ ਆਵੇਗਾ। ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਆ ਕੇ ਭਾਜਪਾ ਨੂੰ ਹਰਾਉਣਗੇ।


ਭਾਜਪਾ ਦੇ ਹੰਕਾਰ ਨੂੰ ਖਤਮ ਕਰਨ ਲਈ ਗੱਠਜੋੜ ਜ਼ਰੂਰੀ ਸੀ : ਅਖਿਲੇਸ਼

ਅਖਿਲੇਸ਼ ਯਾਦਵ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਾਇਆਵਤੀ ਜੀ ਨੂੰ ਧੰਨਵਾਦ। ਉਨ੍ਹਾਂ ਕਿਹਾ ਕਿ ਸਾਡਾ ਗੱਠਜੋੜ ਦਾ ਮਨ ਤਾਂ ਉਸੇ ਦਿਨ ਬਣ ਗਿਆ ਸੀ ਜਿਸ ਦਿਨ ਭਾਜਪਾ ਦੇ ਨੇਤਾਵਾਂ ਨੇ ਮਾਇਆਵਤੀ ਜੀ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਮਾੜੇ ਕੰਮ ਕਰਨ ਵਾਲਿਆਂ 'ਤੇ ਭਾਜਪਾ ਨੇ ਕੋਈ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਮੰਤਰੀ ਬਣਾ ਕੇ ਈਮਾਨ ਦੇ ਦਿੱਤਾ। ਇਸਦੇ ਬਾਅਦ ਗੱਠਜੋੜ ਦਾ ਮਨ ਉਸੇ ਦਿਨ ਪੱਕਾ ਹੋ ਗਿਆ ਸੀ ਜਦੋਂ ਰਾਜਸਭਾ 'ਚ ਭੀਮਰਾਓ ਅੰਬੇਦਕਰ ਨੂੰ ਧੋਖੇ ਨਾਲ ਹਰਾਇਆ ਗਿਆ ਸੀ। ਮਾਇਆਵਤੀ ਜੀ ਦਾ ਧੰਨਵਾਦ ਕਿ ਉਨ੍ਹਾਂ ਨੇ ਬਰਾਬਰੀ ਦਾ ਮਾਣ ਦਿੱਤਾ। ਅੱਜ ਤੋਂ ਮਾਇਆਵਤੀ ਜੀ ਦਾ ਅਪਮਾਨ ਮੇਰਾ ਅਪਮਾਨ ਹੋਵੇਗਾ। ਗੱਠਜੋੜ ਲੰਬਾ ਚੱਲੇਗਾ, ਸਥਾਈ ਰਹੇਗਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਤਕ ਰਹੇਗਾ।


ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਨੇ ਯੂਪੀ 'ਚ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਹੈ ਕਿ ਹਸਪਤਾਲਾਂ 'ਚ ਇਲਾਜ, ਥਾਣਿਆਂ 'ਚ ਰਿਪੋਰਟ ਲਿਖਮ ਤੋਂ ਪਹਿਲਾਂ ਜਾਤੀ ਪੁੱਛੀ ਜਾ ਰਹੀ ਹੈ। ਭਾਜਪਾ ਦੇ ਹੰਕਾਰ ਨੂੰ ਖਤਮ ਕਰਨ ਲਈ ਬਸਪਾ ਅਤੇ ਸਪਾ ਦਾ ਮਿਲਣਾ ਜ਼ਰੂਰੀ ਸੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਮਾਹੌਲ ਬਹੁਤ ਖਤਰਨਾਕ ਹੈ। ਭਾਜਪਾ ਦੇ ਹੰਕਾਰ ਨੂੰ ਖਤਮ ਕਰਨ ਲਈ ਬਸਪਾ ਅਤੇ ਸਮਾਜਵਾਦੀ ਪਾਰਟੀ ਦਾ ਮਿਲਣਾ ਜ਼ਰੂਰੀ ਸੀ। ਇਸ ਦੇ ਨਾਲ ਹੀ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਹਰ ਵਰਕਰ ਨੂੰ ਕਿਹਾ ਕਿ ਉਹ ਲੋਕ ਬਸਪਾ ਪ੍ਰਧਾਨ ਮਾਇਆਵਤੀ ਦਾ ਸਨਮਾਨ ਕਰਨ। ਏਨਾ ਹੀ ਨਹੀਂ ਜੇਕਰ ਕੋਈ ਇਨ੍ਹਾਂ ਦੇ ਸਨਮਾਨ ਦੇ ਖਿਲਾਫ਼ ਕੁਝ ਕਹਿੰਦਾ ਹੈ ਤਾਂ ਉਸਦਾ ਖੁੱਲ੍ਹ ਕੇ ਵਿਰੋਧ ਕਰੋ। ਤੁਸੀਂ ਲੋਕ ਇਹ ਸਮਝੋ ਕਿ ਇਹ ਭੈਣ ਮਾਇਆਵਤੀ ਦਾ ਨਹੀਂ ਮੇਰਾ ਅਪਮਾਨ ਹੈ।

Posted By: Seema Anand