ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ 2019 ’ਚ ਆਈਪੀਐੱਲ ਮੈਚਾਂ ਦੀ ਫਿਕਸਿੰਗ ਦੇ ਦੋਸ਼ ’ਚ ਸੱਤ ਸ਼ੱਕੀ ਸੱਟੇਬਾਜ਼ਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਸਾਰੇ ਪਾਕਿਸਤਾਨ ਤੋਂ ਮਿਲੀ ‘ਸੂਚਨਾ ਦੇ ਆਧਾਰ’ ’ਤੇ ਮੈਚ ਫਿਕਸਿੰਗ ਕਰਦੇ ਸਨ। ਏਜੰਸੀ ਨੇ ਇਸ ਸਬੰਧ ’ਚ ਦੋ ਐੱਫਆਈਆਰਜ਼ ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਮਾਮਲੇ ’ਚ ਰਾਸ਼ਟਰ ਪੱਧਰੀ ਜਾਂਚ ਸ਼ੁਰੂ ਕੀਤੀ ਹੈ ਅਤੇ ਦਿੱਲੀ, ਹੈਦਰਾਬਾਦ, ਜੈਪੁਰ ਅਤੇ ਜੋਧਪੁਰ ’ਚ ਸੱਤ ਟਿਕਾਣਿਆਂ ਦੀ ਤਲਾਸ਼ੀ ਲਈ ਹੈ।

ਐੱਫਆਈਆਰ ਮੁਤਾਬਕ, ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਕ੍ਰਿਕਟ ਸੱਟੇਬਾਜ਼ੀ ’ਚ ਸ਼ਾਮਲ ਨੈੱਟਵਰਕ ਪਾਕਿਸਤਾਨ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੀਬੀਆਈ ਨੇ ਪਹਿਲੀ ਐੱਫਆਈਆਰ ’ਚ ਦਿੱਲੀ ਦੇ ਰੋਹਿਣੀ ਨਿਵਾਸੀ ਦਲੀਪ ਕੁਮਾਰ ਅਤੇ ਹੈਦਰਾਬਾਦ ਦੇ ਗੁਰਮ ਵਾਸੂ ਅਤੇ ਗੁਰਮ ਸਤੀਸ਼ ਨੂੰ ਮੁਲਜ਼ਮ ਬਣਾਇਆ ਹੈ। ਉਥੇ ਦੂਜੀ ਐੱਫਆਈਆਰ ਵਿਚ ਸੱਜਣ ਸਿੰਘ, ਪ੍ਰਭੂ ਲਾਲ ਮੀਣਾ, ਰਾਮ ਅਵਤਾਰ ਅਤੇ ਅਮਿਤ ਕੁਮਾਰ ਸ਼ਰਮਾ ਨੂੰ ਨਾਮਜ਼ਦ ਕੀਤਾ ਹੈ, ਜਿਹੜੇ ਸਾਰੇ ਰਾਜਸਥਾਨ ਦੇ ਰਹਿਣ ਵਾਲੇ ਹਨ। ਅਧਿਕਾਰੀ ਮੁਤਾਬਕ, ਇਹ ਗਿਰੋਹ ਰਾਜਸਥਾਨ ਤੋਂ ਕੰਮ ਕਰ ਰਿਹਾ ਸੀ। ਪਹਿਲਾ ਗਿਰੋਹ 2010 ਤੋਂ ਅਤੇ ਦੂਜਾ 2013 ਤੋਂ ਸਰਗਰਮ ਸੀ। ਨੈੱਟਵਰਕ ਪਾਕਿਸਤਾਨ ਤੋਂ ਆਉਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਰਿਹਾ ਸੀ। ਨਾਲ ਹੀ ਸੱਟੇ ਲਈ ਪ੍ਰੇਰਿਤ ਕਰ ਕੇ ਜਨਤਾ ਨਾਲ ਵੀ ਧੋਖਾ ਕਰ ਰਿਹਾ ਸੀ।

ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ

ਅਧਿਕਾਰੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੇ ਅਣਪਛਾਤੇ ਬੈਂਕ ਅਧਿਕਾਰੀਆਂ ਨਾਲ ਗੰਢਤੁਪ ਕਰਕੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਖਾਤੇ ਖੋਲ੍ਹੇ ਸਨ। ਇਕ ਹੀ ਵਿਅਕਤੀ ਦੀਆਂ ਕਈ ਜਨਮ ਤਰੀਕਾਂ ਦਿੱਤੀਆਂ ਗਈਆਂ ਸਨ। ਇਹ ਖਾਤੇ ਬੈਂਕ ਮੁਲਾਜ਼ਮਾਂ ਦੀ ਉਚਿਤ ਜਾਂਚ ਦੇ ਬਿਨਾਂ ਖੋਲ੍ਹੇ ਗਏ ਸਨ।

ਭਾਰਤ ਤੋਂ ਹੋਈ ਕਮਾਈ ਵਿਦੇਸ਼ ਪਹੁੰਚਾਈ ਜਾਂਦੀ ਸੀ

ਏਜੰਸੀ ਨੇ ਕਿਹਾ ਹੈ ਕਿ ਗਿਰੋਹ ਦੇ ਮੈਂਬਰ ਭਾਰਤ ਵਿਚ ਆਮ ਲੋਕਾਂ ਤੋਂ ਸੱਟੇ ਦੀਆਂ ਸਰਗਰਮੀਆਂ ਤੋਂ ਮਿਲੀ ਰਾਸ਼ੀ ਵਿਦੇਸ਼ ਵਿਚ ਰਹਿ ਰਹੇ ਸਾਥੀਆਂ ਨੂੰ ਵੀ ਹਵਾਲਾ ਦੇ ਜ਼ਰੀਏ ਭੇਜਦੇ ਸਨ। ਦਲੀਪ ਦੇ ਕਈ ਬੈਂਕ ਖਾਤੇ ਸਨ। ਇਨ੍ਹਾਂ ਵਿਚ ਸਾਲ 2013 ਤੋਂ ਹੁਣ ਤਕ ਕੁਲ 43 ਲੱਖ ਰੁਪਏ ਆਰਥਿਕ ਨਿਯਮਾਂ ਦੀ ਉਲੰਘਣਾ ਕਰਕੇ ਘਰੇਲੂ ਪੱਧਰ ’ਤੇ ਜਮ੍ਹਾਂ ਕਰਵਾਏ ਗਏ।

ਮੁਲਜ਼ਮਾਂ ਦੇ ਖਾਤਿਆਂ ’ਚ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਗਏ

ਅਧਿਕਾਰੀ ਨੇ ਜਾਂਚ ’ਚ ਪਾਇਆ ਕਿ ਗੁਰਮ ਸਤੀਸ਼ ਦੇ ਛੇ ਬੈਂਕ ਖਾਤਿਆਂ ਵਿਚ ਘਰੇਲੂ ਪੱਧ੍ਰ ’ਤੇ 4.55 ਕਰੋੜ ਰੁਪਏ ਅਤੇ ਵਿਦੇਸ਼ ਤੋਂ 3.05 ਲੱਖ ਰੁਪਏ ਸਾਲ 2012-20 ਵਿਚਾਲੇ ਜਮ੍ਹਾਂ ਕਰਵਾਏ ਗਏ। ਇਸੇ ਮਿਆਦ ਵਿਚ ਗੁਰਮ ਵਾਸੂ ਦੇ ਖਾਤੇ ਵਿਚ 5.37 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। ਇਨ੍ਹਾਂ ਦਾ ਅਜਿਹਾ ਕੋਈ ਕਾਰੋਬਾਰ ਵੀ ਨਹੀਂ ਹੈ ਜਿਹੜੇ ਇਸ ਲੈਣ-ਦੇਣ ਨੂੰ ਸਹੀ ਠਹਿਰਾ ਸਕਣ। ਰਾਜਸਥਾਨ ਤੋਂ ਕੰਮ ਕਰਨ ਵਾਲੇ ਗਿਰੋਹ ਦੇ ਕੰਮ ਕਰਨ ਦਾ ਤਰੀਕਾ ਵੀ ਦਿੱਲੀ-ਹੈਦਰਾਬਾਦ ਸਮੂਹ ਦੀ ਤਰ੍ਹਾਂ ਹੀ ਸੀ। ਇਹ ਵੀ ਹਵਾਲਾ ਜ਼ਰੀਏ ਵਿਦੇਸ਼ ਵਿਚ ਆਪਣੇ ਸਹਿਯੋਗੀਆਂ ਨੂੰ ਪੈਸੇ ਭੇਜਦੇ ਸਨ।

Posted By: Shubham Kumar