ਚੇਨਈ (ਪੀਟੀਆਈ) : ਵਧਦੀ ਮਹਿੰਗਾਈ ਦਰਮਿਆਨ ਮਾਚਿਸ ਵੀ ਆਪਣੀ ਕੀਮਤ ਸਥਿਰ ਨਹੀਂ ਰੱਖ ਸਕੀ। 14 ਸਾਲ ਬਾਅਦ ਮਾਚਿਸ ਦਾ ਮੁੱਲ ਇਕ ਰੁਪਏ ਤੋਂ ਵਧ ਕੇ ਦੋ ਰੁਪਏ ਕਰ ਦਿੱਤਾ ਗਿਆ ਹੈ। ਨਵੀਂ ਕੀਮਤ ਇਕ ਦਸੰਬਰ ਤੋਂ ਪ੍ਰਭਾਵੀ ਹੋਵੇਗੀ। ਹਾਲਾਂਕਿ, ਕੀਮਤ ਵਧਣ ਨਾਲ ਤੀਲੀਆਂ ਦੀ ਗਿਣਤੀ ਵੀ ਵਧਾਈ ਗਈ ਹੈ। ਹੁਣ ਮਾਚਿਸ ਦੀ ਡੱਬੀ ਵਿਚ 36 ਦੀ ਥਾਂ 50 ਤੀਲੀਆਂ ਮਿਲਣਗੀਆਂ। ਇਸ ਤੋਂ ਪਹਿਲੇ 2007 ਵਿਚ ਮਾਚਿਸ ਦੀ ਕੀਮਤ 50 ਪੈਸੇ ਤੋਂ ਵਧਾ ਕੇ ਇਕ ਰੁਪਏ ਕੀਤੀ ਗਈ ਸੀ।

ਰਾਸ਼ਟਰੀ ਲਘੂ ਮਾਚਿਸ ਨਿਰਮਾਤਾ ਸੰਘ ਦੇ ਸਕੱਤਰ ਵੀਐੱਸ ਸੇਥੁਰਥਿਨਮ ਨੇ ਐਤਵਾਰ ਨੂੰ ਕਿਹਾ, ਮਾਚਿਸ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ 14 ਤਰ੍ਹਾਂ ਦੇ ਕੱਚੇ ਮਾਲ ਦੇ ਮੁੱਲ ਵਧੇ ਹਨ, ਜਿਸ ਕਰ ਕੇ ਉਤਪਾਦਨ ਲਾਗਤ ਵਧ ਗਈ ਹੈ। ੲੀਂਧਨ ਦੀ ਵਧਦੀ ਕੀਮਤ ਵੀ ਪ੍ਰਮੁੱਖ ਕਾਰਨ ਹੈ, ਜਿਸ ਕਰ ਕੇ ਆਵਾਜਾਈ ਲਾਗਤ ਵਧੀ ਹੈ। ਛੇ ਮਹੀਨੇ ਬਾਅਦ ਅਸੀਂ ਸਥਿਤੀ ਦੀ ਸਮੀਖਿਆ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ, ਮੁੱਲ ਵਧਣ ਨਾਲ ਉਤਪਾਦਨ ਲਾਗਤ ਵਿਚ ਵਾਧੇ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿਚ ਮਦਦ ਮਿਲੇਗੀ। ਸਾਰੇ ਸੰਘਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਲਗਪਗ ਪੰਜ ਲੱਖ ਲੋਕ ਮਾਚਿਸ ਉਦਯੋਗ ’ਤੇ ਪ੍ਰਤੱਖ ਤੇ ਅਪ੍ਰਤੱਖ ਰੂਪ ਨਾਲ ਨਿਰਭਰ ਹਨ, ਜਿਨ੍ਹਾਂ ਵਿਚ 90 ਫੀਸਦੀ ਔਰਤਾਂ ਹਨ।

Posted By: Jatinder Singh