ਨਵੀਂ ਦਿੱਲੀ, ਪੀਟੀਆਈ : ਦੇਸੀ ਹਲਕੇ ਜੰਗੀ ਜਹਾਜ਼ (ਐੱਲਸੀਏ) ਤੇਜਸ ਨੂੰ ਖਰੀਦਣ ਲਈ ਕਈ ਦੇਸ਼ਾਂ ਨੇ ਦਿਲਚਸਪੀ ਵਿਖਾਈ ਹੈ। ਅਗਲੇ ਕੁਝ ਸਾਲਾਂ ’ਚ ਵਿਦੇਸ਼ ਤੋਂ ਪਹਿਲਾ ਆਰਡਰ ਮਿਲਣ ਦੀ ਉਮੀਦ ਹੈ। ਇਹ ਕਹਿਣਾ ਹੈ ਤੇਜਸ ਜਹਾਜ਼ ਦਾ ਨਿਰਮਾਣ ਕਰਨ ਵਾਲੀ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਚੇਅਰਮੈਨ ਅਤੇ ਪ੍ਰਬੰਧ ਡਾਇਰੈਕਟਰ ਆਰ. ਮਾਧਵਨ ਦੀ। ਪੀਟੀਆਈ ਨਾਲ ਇੰਟਰਵਿਊ ’ਚ ਮਾਧਵਨ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੂੰ 48,000 ਕਰੋੜ ਰੁਪਏ ਦੇ ਸੌਦੇ ਤਹਿਤ ਮਾਰਚ 2024 ਤੋਂ ਤੇਜਸ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਹਵਾਈ ਫ਼ੌਜ ਨੇ 83 ਤੇਜਸ ਜਹਾਜ਼ ਖਰੀਦੇ ਹਨ।

ਉਨ੍ਹਾਂ ਕਿਹਾ ਕਿ ਕੁੱਲ ਜਹਾਜ਼ਾਂ ਦੀ ਸਪਲਾਈ ਤਕ ਹਵਾਈ ਫ਼ੌਜ ਨੂੰ ਹਰ ਸਾਲ 16 ਜਹਾਜ਼ ਦਿੱਤੇ ਜਾਣਗੇ। ਭਾਰਤੀ ਹਵਾਈ ਫ਼ੌਜ ਅਤੇ ਐੱਚਏਐੱਲ ਵਿਚਕਾਰ ਪੰਜ ਫਰਵਰੀ ਨੂੰ ਏਅਰੋ ਇੰਡੀਆ ਐਕਸੋ ਦੌਰਾਨ ਇਸ ਸੌਦੇ ’ਤੇ ਰਸਮੀ ਤੌਰ ’ਤੇ ਦਸਤਖ਼ਤ ਕੀਤੇ ਜਾਣਗੇ ਅਤੇ ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਮੌਜੂਦ ਰਹਿਣਗੇ।

ਮਾਧਵਨ ਨੇ ਕਿਹਾ ਕਿ ਚੀਨ ਦੇ ਜੇਐੱਫ-17 ਜੰਗੀ ਜਹਾਜ਼ ਦੀ ਤੁਲਨਾ ’ਚ ਤੇਜਸ ਮਾਰਕ-1ਏ ਦੇ ਪ੍ਰਦਰਸ਼ਨ ਦਾ ਪੱਧਰ ਬਹੁਤ ਬਿਹਤਰ ਹੈ। ਜੇਐੱਫ-17 ਦੀ ਤੁਲਨਾ ’ਚ ਤੇਜਸ ਦੀ ਤਕਨੀਕ ਤਾਂ ਚੰਗੀ ਹੈ ਹੀ, ਇਸ ’ਚ ਬਿਹਤਰ ਇੰਜਣ, ਰਾਡਾਰ ਪ੍ਰਣਾਲੀ ਅਤੇ ਇਲੈਕਟ੍ਰੋਨਿਕ ਵਾਰਫੇਅਰ ਸੂਟ ਵੀ ਲੱਗੇ ਹਨ। ਤੇਜਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿਇਸ ’ਚ ਹਵਾ ਤੋਂ ਹਵਾ ’ਚ ਹੀ ਤੇਲ ਭਰਿਆ ਜਾ ਸਕਦਾ ਹੈ, ਜਦੋਂਕਿ ਚੀਨੀ ਜਹਾਜ਼ ’ਚ ਇਹ ਸੁਵਿਧਾ ਨਹੀਂ ਹੈ। ਮਾਧਵਨ ਨੇ ਕਿਹਾ ਕਿ ਸ਼ੁਰੂ ’ਚ ਹਵਾਈ ਫ਼ੌਜ ਨੂੰ ਚਾਰ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਐੱਲਸੀਏ ਪਲਾਂਟ ਦਾ ਦੂਜਾ ਗੇੜ ਵੀ ਪੂਰਾ ਹੋ ਗਿਆ ਹੈ। ਹਰ ਸਾਲ 16 ਤੋਂ ਜ਼ਿਆਦਾ ਜਹਾਜ਼ਾਂ ਦਾ ਨਿਰਮਾਣ ਕਰਨ ਦੀ ਯੋਜਨਾ ਹੈ, ਤਾਂਕਿ ਵਿਦੇਸ਼ ਤੋਂ ਆਰਡਰ ਮਿਲਣ ’ਤੇ ਉਸ ਨੂੰ ਤੈਅ ਸਮੇਂ ਦੇ ਅੰਦਰ ਪੂਰਾ ਕੀਤਾ ਜਾ ਸਕਦੇ। ਇਸ ਮਹੀਨੇ ਦੀ 13 ਤਾਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਸੰਮਤੀ ਦੀ ਬੈਠਕ ’ਚ ਭਾਰਤੀ ਹਵਾਈ ਫ਼ੌਜ ਲਈ ਐੱਚਏਐੱਲ ਤੋਂ 73 ਤੇਜਸ ਮਾਰਕ-1ਏ ਜਹਾਜ਼ ਅਤੇ 10 ਐੱਲਸੀਏ ਤੇਜਸ ਮਾਰਕ-1 ਸਿਖਲਾਈ ਜਹਾਜ਼ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹਰੇਕ ਜੰਗੀ ਜਹਾਜ਼ ਦੀ ਕੀਮਤ 309 ਕਰੋੜ ਅਤੇ ਸਿਖਲਾਈ ਵਾਲੇ ਜਹਾਜ਼ ਦੀ ਕੀਮਤ 280 ਕਰੋੜ ਰੁਪਏ ਪਵੇਗੀ।

Posted By: Jagjit Singh