ਜੇਐੱਨਐੱਨ, ਨਵੀਂ ਦਿੱਲੀ : ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬੈਕਡੋਰ ਤੋਂ ਦੂਜੀ ਵਾਰੀ ਇਸ ਕੁਰਸੀ ਨੂੰ ਹਾਸਲ ਕਰਨ ਦਾ ਸੁਪਨਾ ਟੁੱਟ ਗਿਆ ਹੈ। ਪੰਜਾਬੀ ਦਾ ਗਿਆਨ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਡੀਐੱਸਜੀਐੱਮਸੀ ਚੋਣ ਹਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਨਾਮਜ਼ਦ ਕੀਤਾ ਸੀ, ਜਿਸ ਨਾਲ ਉਨ੍ਹਾਂ ਦੇ ਬੈਕਡੋਰ ਤੋਂ ਪ੍ਰਧਾਨ ਬਣਨ ਦਾ ਰਸਤਾ ਸਾਫ਼ ਹੋ ਗਿਆ ਸੀ, ਪਰ ਸਿਰਸਾ ਨੂੰ ਡੀਐੱਸਜੀਐੱਮਸੀ ਚੋਣ ’ਚ ਹਰਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਐੱਸਜੀਪੀਸੀ ਦੇ ਇਸ ਕਦਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਸ਼ਿਕਾਇਤ ਕੀਤੀ ਸੀ ਕਿ ਸਿਰਸਾ ਨੂੰ ਪੰਜਾਬੀ ਦਾ ਗਿਆਨ ਨਹੀਂ ਹੈ ਤੇ ਡੀਐੱਸਜੀਐੱਮਸੀ ਦਾ ਮੈਂਬਰ ਬਣਨ ਲਈ ਇਹ ਲਾਜ਼ਮੀ ਹੈ। ਹਾਈ ਕੋਰਟ ਦੇ ਆਦੇਸ਼ ’ਤੇ ਉਨ੍ਹਾਂ ਨੂੰ ਗੁਰਦੁਆਰਾ ਚੋਣ ਡਾਇਰੈਕਟੋਰੇਟ ’ਚ ਪੰਜਾਬੀ ਦਾ ਟੈਸਟ ਦੇਣਾ ਪਿਆ, ਜਿਸ ਵਿਚ ਉਹ ਫੇਲ੍ਹ ਹੋ ਗਏ। ਇਸ ਆਧਾਰ ’ਤੇ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ।

ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰ ਦੀ ਚੋਣ ਲਈ ਨੌਂ ਸਤੰਬਰ ਨੂੰ ਗੁਰਦੁਆਰਾ ਡਾਇਰੈਕਟੋਰੇਟ ’ਚ ਨਵੇਂ ਚੁਣੇ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਸੀ। ਉਸੇ ਦਿਨ ਹਰਵਿੰਦਰ ਸਿੰਘ ਸਰਨਾ ਨੇ ਡਾਇਰੈਕਟਰ ਦੇ ਸਾਹਮਣੇ ਐੱਸਜੀਪੀਸੀ ਵਲੋਂ ਸਿਰਸਾ ਦੀ ਚੋਣ ’ਤੇ ਇਤਰਾਜ਼ ਦਰਜ ਕਰਾ ਦਿੱਤਾ ਸੀ। ਡਾਇਰੈਕਟਰ ਨੇ ਸਪੱਸ਼ਟ ਨਿਯਮ ਨਾ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਇਤਰਾਜ਼ ਨੂੰ ਖਾਰਜ ਕਰ ਦਿੱਤਾ ਸੀ। ਉਸ ਤੋਂ ਬਾਅਦ ਸਰਨਾ ਹਾਈ ਕੋਰਟ ਚਲੇ ਗਏ ਸਨ। ਹਾਈ ਕੋਰਟ ਦੇ ਨਿਰਦੇਸ਼ ’ਤੇ ਸਿਰਸਾ ਨੂੰ ਪੰਜਾਬੀ ਦਾ ਟੈਸਟ ਦੇਣ ਲਈ 17 ਸਤੰਬਰ ਨੂੰ ਗੁਰਦੁਆਰਾ ਡਾਇਰੈਕਟੋਰੇਟ ’ਚ ਬੁਲਾਇਆ ਗਿਆ ਸੀ। ਉਸ ਦਿਨ ਸਿਰਸਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਨਾਲ ਪੰਜਾਬੀ ਪੜ੍ਹੀ ਤੇ ਲਿਖੀ, ਪਰ ਸਿਰਸਾ ਦਾ ਇਹ ਦਾਅਵਾ ਗਲਤ ਨਿਕਲਿਆ ਤੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ। ਡਾਇਰੈਕਟਰ ਵਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਿਰਸਾ ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ’ਤੇ ਲਿਖੀ ਗੁਰਬਾਣੀ ਨਹੀਂ ਪੜ੍ਹ ਸਕੇ। ਬਾਅਦ ’ਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪੰਜਾਬੀ ’ਚ ਅਰਜ਼ੀ ਲਿਖਣ ਦੀ ਇਜਾਜ਼ਤ ਮੰਗੀ। 46 ਸ਼ਬਦਾਂ ’ਚ ਲਿਖੀ ਅਰਜ਼ੀ ’ਚ 27 ਸ਼ਬਦ ਗਲਤ ਸਨ। ਡਾਇਰੈਕਟਰ ਨੇ ਡੀਐੱਸਜੀਐੱਮਸੀ ਐਕਟ ਦੀ ਧਾਰਾ 10 ਦੇ ਆਧਾਰ ’ਤੇ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ।

24 ਨੂੰ ਹੋਵੇਗਾ ਨਾਮਜ਼ਦ ਮੈਂਬਰਾਂ ਦਾ ਐਲਾਨ

ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਡੀਐੱਸਜੀਐੱਮਸੀ ’ਚ ਨੌਂ ਨਾਮਜ਼ਦ ਮੈਂਬਰਾਂ ਦੀ ਚੋਣ ਲਈ ਸਾਰੇ ਨਵੇਂ ਚੁਣੇ ਮੈਂਬਰਾਂ ਦੀ ਮੀਟਿੰਗ 24 ਸਤੰਬਰ ਨੂੰ ਬੁਲਾਈ ਹੈ। ਕਮੇਟੀ ’ਚ ਕੁੱਲ 55 ਮੈਂਬਰ ਹੁੰਦੇ ਹਨ। 46 ਸੰਗਤ ਵਲੋਂ ਚੁਣੇ ਜਾਂਦੇ ਹਨ। ਉੱਥੇ, ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਇਸ ਦੇ ਮੈਂਬਰ ਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ ਵੀ ਡੀਐੱਸਜੀਐੱਮਸੀ ਦਾ ਮੈਂਬਰ ਹੁੰਦਾ ਹੈ। ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਨੂੰ ਕਮੇਟੀ ਦਾ ਮੈਂਬਰ ਬਣਾਇਆ ਜਾਂਦਾ ਹੈ। ਇਨ੍ਹਾਂ ਦੀ ਚੋਣ ਲਾਟਰੀ ਰਾਹੀਂ ਹੁੰਦੀ ਹੈ ਤੇ ਦੋ ਮੈਂਬਰਾਂ ਦੀ ਚੋਣ ਕਮੇਟੀ ਦੇ ਚੁਣੇ ਹੋਏ 46 ਮੈਂਬਰ ਵੋਟਿੰਗ ਰਾਹੀਂ ਕਰਦੇ ਹਨ।

Posted By: Jagjit Singh