ਜੇਐੱਨਐੱਨ, ਨਵੀਂ ਦਿੱਲੀ : ਸੜਕ 'ਤੇ ਥੁੱਕਣ ਕਾਰਨ ਇਤਰਾਜ਼ ਪ੍ਰਗਟ ਕਰਨ 'ਤੇ ਗੁੱਸੇ ਵਿਚ ਆਏ ਨੌਜਵਾਨ ਨੇ ਦੂਜੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਹੋਈ ਕੁੱਟਮਾਰ ਵਿਚ ਦੋਸ਼ੀ ਵੀ ਜ਼ਖ਼ਮੀ ਹੋ ਗਿਆ। ਆਰਐੱਮਐੱਲ ਹਸਪਤਾਲ ਵਿਚ ਭਰਤੀ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ।

ਬੁੱਧਵਾਰ ਰਾਤ ਸਾਢੇ ਅੱਠ ਵਜੇ ਪੀਸੀਆਰ ਨੂੰ ਸੂਚਨਾ ਮਿਲੀ ਕਿ ਮੰਦਰ ਮਾਰਗ ਥਾਣਾ ਖੇਤਰ ਦੇ ਭਗਤ ਸਿੰਘ ਕੰਪਲੈਕਸ ਵਿਚ ਥੁੱਕਣ ਦੇ ਵਿਵਾਦ ਵਿਚ ਦੋ ਨੌਜਵਾਨਾਂ ਵਿਚ ਜੰਮ ਕੇ ਕੁੱਟਮਾਰ ਹੋਈ ਹੈ। ਦੋਵਾਂ ਨੌਜਵਾਨਾਂ ਨੇ ਇਕ-ਦੂਜੇ ਨੂੰ ਮਾਰ-ਮਾਰ ਕੇ ਲਹੂਲੁਹਾਨ ਕਰ ਦਿੱਤਾ ਹੈ। ਭਾਈ ਵੀਰ ਸਿੰਘ ਮਾਰਗ ਸਥਿਤ ਕਰਨਾਟਕ ਸੰਗੀਤ ਭਵਨ ਵਾਸੀ ਅੰਕਿਤ ਅਤੇ ਰਾਜਾ ਬਾਜ਼ਾਰ ਦਾ ਪ੍ਰਵੀਨ ਕਿਸੇ ਕੰਮ 'ਤੇ ਭਗਤ ਸਿੰਘ ਕੰਪਲੈਕਸ ਵਿਚ ਗਏ ਸਨ। ਉੱਥੇ ਪ੍ਰਵੀਨ ਨੇ ਸੜਕ 'ਤੇ ਥੁੱਕ ਦਿੱਤਾ, ਜਿਸ 'ਤੇ ਅੰਕਿਤ ਨੇ ਇਤਰਾਜ਼ ਪ੍ਰਗਟ ਕੀਤਾ। ਪ੍ਰਵੀਨ ਨੂੰ ਇਹ ਗੱਲ ਪਸੰਦ ਨਾ ਆਈ ਤੇ ਦੋਵਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ। ਪੀਸੀਆਰ ਕਰਮਚਾਰੀਆਂ ਨੇ ਦੋਵਾਂ ਨੂੰ ਆਰਐੱਮਐੱਲ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਗੰਭੀਰ ਰੂਪ 'ਚ ਜ਼ਖ਼ਮੀ ਅੰਕਿਤ ਦੀ ਜ਼ਿਆਦਾ ਖ਼ੂਨ ਵੱਗਣ ਕਾਰਨ ਮੌਤ ਹੋ ਗਈ। ਉਸ ਨੂੰ ਛਾਤੀ ਅਤੇ ਵੱਖੀ 'ਚ ਗੰਭੀਰ ਸੱਟ ਲੱਗੀ ਸੀ। ਉਹ ਡਰਾਈਵਰ ਸੀ। ਝਗੜੇ ਵਿਚ ਜ਼ਖ਼ਮੀ ਹੋਇਆ ਪ੍ਰਵੀਨ ਨੈੱਟਵਰਕ ਇੰਜੀਨੀਅਰ ਹੈ।