ਜੇਐੱਨਐੱਨ, ਨਵੀਂ ਦਿੱਲੀ : ਸਿਆਸੀ ਕੁੜੱਤਣਾਂ ਨੂੰ ਪਾਸੇ ਰੱਖਦਿਆਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਕਰੀਬ ਤਿੰਨ ਮਹੀਨੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਮਤਾ ਨੇ ਕੋਰੋਨਾ ਦੀਆਂ ਚੁਣੌਤੀਆਂ ਨਾਲ ਸੂਬੇ ਨੂੰ ਆਬਾਦੀ ਦੇ ਅਨੁਪਾਤ 'ਚ ਟੀਕਾ ਮੁਹੱਈਆ ਕਰਵਾਉਣ ਦੀ ਪੀਐੱਮ ਨੂੰ ਬੇਨਤੀ ਕੀਤੀ। ਨਾਲ ਹੀ ਬੰਗਾਲ ਦਾ ਨਾਂ ਬਦਲਣ ਦੇ ਸੂਬਾ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਵੀ ਮਮਤਾ ਨੇ ਆਪਣੀ ਗੱਲ ਪੀਐੱਮ ਸਾਹਮਣੇ ਰੱਖੀ। ਤਿ੍ਣਮੂਲ ਕਾਂਗਰਸ ਮੁਖੀ ਨੇ ਪੈਗਾਸਸ ਵਿਵਾਦ 'ਤੇ ਬੇਸ਼ੱਕ ਹੀ ਚਰਚਾ ਨਹੀਂ ਕੀਤੀ, ਪਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ 'ਚ ਇਸ ਕਾਂਡ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਦੀ ਮੰਗ ਦੀ ਹਮਾਇਤ ਕੀਤੀ।

ਬੰਗਾਲ ਚੋਣਾਂ ਤੋਂ ਬਾਅਦ ਮੋਦੀ ਨਾਲ ਹੋਈ ਪਹਿਲੀ ਮੁਲਾਕਾਤ 'ਤੇ ਮਮਤਾ ਨੇ ਕਿਹਾ ਕਿ ਇਸ ਬੈਠਕ 'ਚ ਉਨ੍ਹਾਂ ਨੇ ਸੂਬੇ ਦੇ ਵਿਕਾਸ ਤੇ ਪ੍ਰਾਜੈਕਟਾਂ ਨੂੰ ਲੈ ਕੇ ਚਰਚਾ ਕੀਤੀ। ਨਾਲ ਹੀ ਕੋਰੋਨਾ ਸੰਕਟ ਨਾਲ ਲੜਨ 'ਤੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਪੀਐੱਮ ਨੂੰ ਕਿਹਾ ਕਿ ਬੰਗਾਲ ਨੂੰ ਆਬਾਦੀ ਦੇ ਅਨੁਪਾਤ 'ਚ ਕੋਰੋਨਾ ਵੈਕਸੀਨ ਘੱਟ ਗਿਣਤੀ 'ਚ ਮਿਲੀ ਹੈ। ਇਸ ਨੂੰ ਵਧਾਉਣ ਦੀ ਜ਼ਰੂਰਤ ਹੈ। ਬੰਗਾਲ ਦਾ ਨਾਂ ਬਦਲਣ ਦੇ ਪੈਂਡਿੰਗ ਪਏ ਪ੍ਰਸਤਾਵ 'ਤੇ ਮਮਤਾ ਨੇ ਕਿਹਾ ਕਿ ਅਸੀਂ ਪੀਐੱਮ ਨੂੰ ਇਸ 'ਤੇ ਜਲਦੀ ਫ਼ੈਸਲਾ ਲੈਣ ਦੀ ਬੇਨਤੀ ਕੀਤੀ। ਪੀਐੱਮ ਦੀ ਇਸ 'ਤੇ ਪ੍ਰਤੀਕਿਰਿਆ ਕੀ ਰਹੀ? ਇਹ ਪੁੱਛੇ ਜਾਣ 'ਤੇ ਮਮਤਾ ਨੇ ਕਿਹਾ ਕਿ ਪੀਐੱਮ ਨੇ ਕਿਹਾ ਅਸੀਂ ਦੇਖਾਂਗੇ।

ਮਮਤਾ ਵਿਧਾਨ ਸਭਾ ਚੋਣਾਂ ਦੇ ਕੁਝ ਹੀ ਦਿਨਾਂ ਬਾਅਦ ਬੰਗਾਲ 'ਚ ਚੱਕਰਵਾਤ ਦਾ ਜਾਇਜ਼ਾ ਲੈਣ ਗਏ ਪੀਐੱਮ ਨਾਲ ਸੰਖੇਪ ਰੂਪ 'ਚ ਰੂਬਰੂ ਹੋਈ ਸੀ। ਪਰ ਉਦੋਂ ਸਿਆਸੀ ਤਲਖ਼ੀ ਕਾਰਨ ਆਪਣਾ ਮੰਗ ਪੱਤਰ ਸੌਂਪ ਕੇ ਪੀਐੱਮ ਦੀ ਬੈਠਕ 'ਚੋਂ ਚਲੀ ਗਈ ਸੀ। ਹਾਲਾਂਕਿ ਮੰਗਲਵਾਰ ਨੂੰ ਮੋਦੀ ਨਾਲ ਮੁਲਾਕਾਤ ਤੇ ਉਨ੍ਹਾਂ ਨਾਲ ਹੋਈ ਗੱਲਬਾਤ ਨੂੰ ਲੈ ਕੇ ਮਮਤਾ ਨੇ ਉਹੋ ਜਿਹੀ ਕੋਈ ਤਲਖ਼ੀ ਨਹੀਂ ਦਿਖਾਈ। ਮਮਤਾ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀਰਵਾਰ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਹੈ। ਪਰ ਕੋਰੋਨਾ ਦੇ ਦੋਵੇਂ ਟੀਕੇ ਲਗਵਾਉਣ ਦੇ ਬਾਵਜੂਦ ਰਾਸ਼ਟਰਪਤੀ ਭਵਨ ਨੇ ਉਨ੍ਹਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਮੈਨੂੰ ਕੁਝ ਸਮੱਸਿਆ ਹੈ ਤੇ ਇਸ ਵਜ੍ਹਾਂ ਨਾਲ ਉਹ ਰਾਸ਼ਟਰਪਤੀ ਨਾਲ ਮੌਜੂਦਾ ਦੌਰੇ 'ਚ ਮਿਲਣ ਨਹੀਂ ਜਾ ਸਕੇਗੀ।