ਮੁੰਬਈ (ਏਐੱਨਆਈ) : ਬਾਂਬੇ ਹਾਈ ਕੋਰਟ ਨੇ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਤੇ ਲੈਫਟੀਨੈਂਟ ਕਰਨਲ ਸ਼੍ਰੀਕਾਂਤ ਪੁਰੋਹਿਤ ਅਤੇ ਹੋਰਨਾਂ ਦੀ ਪਟੀਸ਼ਨ 'ਤੇ ਸੁਣਵਾਈ 18 ਨਵੰਬਰ ਤਕ ਮੁਲਤਵੀ ਕਰ ਦਿੱਤੀ ਹੈ। ਪਟੀਸ਼ਨ 'ਚ ਇਨ੍ਹਾਂ ਲੋਕਾਂ ਨੇ 2008 ਦੇ ਮਾਲੇਗਾਂਵ ਬਲਾਸਟ ਮਾਮਲੇ ਤੋਂ ਖ਼ੁਦ ਨੂੰ ਬਰੀ ਕਰਨ ਦੀ ਅਪੀਲ ਕੀਤੀ ਹੈ। ਮੁਲਜ਼ਮਾਂ ਨੇ ਇਸਤਗਾਸਾ ਲਈ ਗੈਰਕਾਨੂੰਨੀ ਰੋਕਥਾਮ ਐਕਟ (ਯੂਏਪੀਏ) ਦੀ ਮਨਜ਼ੂਰੀ ਨੂੰ ਵੀ ਚੁਣੌਤੀ ਦਿੱਤੀ ਹੈ। ਇਨ੍ਹਾਂ ਦਾ ਦਾਅਵਾ ਹੈ ਕਿ ਕਿਸੇ ਸਮਰੱਥ ਅਧਿਕਾਰੀ ਤੋਂ ਇਸ ਦੀ ਇਜਾਜ਼ਤ ਨਹੀਂ ਲਈ ਗਈ, ਜਿਸ ਕਾਰਨ ਉਹ ਅਮਲ 'ਚ ਨਹੀਂ ਆ ਸਕਦਾ।

ਇਨ੍ਹਾਂ ਦੋ ਪਟੀਸ਼ਨਾਂ ਦੇ ਨਾਲ ਹਾਈ ਕੋਰਟ ਇਸ ਮਾਮਲੇ 'ਚ ਸੈਕੰਡਰੀ ਸਬੂਤ ਦੀ ਜਾਇਜ਼ਤਾ ਤੇ 18 ਨਵੰਬਰ ਨੂੰ ਸੁਣਵਾਈ ਕਰੇਗੀ। ਦੱਸਣਯੋਗ ਹੈ ਕਿ 29 ਸਤੰਬਰ, 2008 ਨੂੰ ਉੱਤਰੀ ਮਹਾਰਾਸ਼ਟਰ ਦੇ ਸ਼ਹਿਰ ਮਾਲੇਗਾਂਵ ਦੀ ਇਕ ਮਸਜਿਦ ਦੇ ਨਜ਼ਦੀਕ ਮੋਟਰਸਾਈਕਲ 'ਚ ਰੱਖੇ ਵਿਸਫੋਟਕ ਦੇ ਫਟਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ। ਧਮਾਕੇ 'ਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ 'ਚ ਠਾਕੁਰ ਤੋਂ ਇਲਾਵਾ ਪੁਰੋਹਿਤ, ਰਿਟਾਇਰਡ ਮੇਜਰ ਰਮੇਸ਼ ਉਪਾਧਿਆਏ, ਸੁਧਾਰ ਦਿਵੇਦੀ, ਅਜੇ ਰਹੀਰਕਰ, ਸੁਧਾਕਰ ਚਤੁਰਵੇਦੀ ਅਤੇ ਸਮੀਰ ਕੁਲਕਰਨੀ ਵੀ ਮੁਲਜ਼ਮ ਹਨ।