ਮੁੰਬਈ (ਏਜੰਸੀ) : ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਇਹ ਦੱਸਣ ਨੂੰ ਕਿਹਾ ਹੈ ਕਿ ਸਤੰਬਰ 2008 'ਚ ਹੋਏ ਮਾਲੇਗਾਓਂ ਬੰਬ ਧਮਾਕਾ ਮਾਮਲੇ ਦੇ ਕੇਸ ਦੀ ਸੁਣਵਾਈ ਕਦੋਂ ਤਕ ਪੂਰੀ ਹੋਵੇਗੀ। ਜਸਟਿਸ ਰਣਜੀਤ ਮੋਰੇ ਤੇ ਜਸਟਿਸ ਭਾਰਤੀ ਡਾਂਗਰੇ ਦਾ ਬੈਂਚ ਮਾਮਲੇ 'ਚ ਮੁਲਜ਼ਮ ਸਮੀਰ ਕੁਲਕਰਨੀ ਵੱਲੋਂ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਕੁਲਕਰਨੀ ਨੇ ਪਟੀਸ਼ਨ 'ਚ ਕੇਸ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਕਰਨ ਤੇ ਛੇ ਮਹੀਨੇ 'ਚ ਸੁਣਵਾਈ ਪੂਰੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।

ਹਾਈ ਕੋਰਟ ਨੇ ਐੱਨਆਈਏ ਦੇ ਵਕੀਲ ਸੰਦੇਸ਼ ਪਾਟਿਲ ਨੂੰ ਦੋ ਹਫ਼ਤਿਆਂ 'ਚ ਇਹ ਦੱਸਣ ਨੂੰ ਕਿਹਾ ਹੈ ਕਿ ਅਕਾਰ ਕੇਸ ਦੀ ਸੁਣਵਾਈ ਕਦੋਂ ਤਕ ਪੂਰੀ ਹੋਵੇਗੀ। ਪਾਟਿਲ ਮੁਤਾਬਕ ਇਸਤਗਾਸਾ ਪੱਖ ਦੇ 475 ਗਵਾਹਾਂ ਚੋਂ ਹੇਠਲੀ ਅਦਾਲਤ 'ਚ ਹੁਣ ਤਕ 124 ਗਵਾਹਾਂ ਦੇ ਬਿਆਨ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮਹਾਰਾਸ਼ਟਰ 'ਚ ਛੇ ਲੋਕਾਂ ਦੀ ਜਿੱਥੇ ਮੌਤ ਹੋ ਗਈ ਸੀ, ਉੱਤੇ ਹੀ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਪਿਛਲੇ ਸਾਲ ਅਕਤੂਬਰ 'ਚ ਇਕ ਵਿਸੇਸ਼ ਅਦਾਲਤ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਪ੍ਰਗਿਆ ਸਿੰਘ ਠਾਕੁਰ (ਹੁਣ ਭਾਜਪਾ ਸੰਸਦ ਮੈਂਬਰ), ਸਮੀਰ ਕੁਲਕਰਨੀ ਤੇ ਇਸ ਮਾਮਲੇ ਦੇ ਕੁਝ ਹੋਰ ਮੁਲਜ਼ਮਾਂ ਖ਼ਿਲਾਫ਼ ਗ਼ੈਰ ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਐਕਟ (ਯੂਪੀਏ) ਤਹਿਤ ਦੋਸ਼ ਤੈਅ ਕੀਤੇ ਸਨ।

ਪੁਰੋਹਿਤ ਦੀ ਪਟੀਸ਼ਨ 'ਤੇ ਦੋ ਅਗਸਤ ਨੂੰ ਸੁਣਵਾਈ

ਮਾਲੇਗਾਓਂ ਧਮਾਕੇ ਦੇ ਇਕ ਹੋਰ ਮਾਮਲੇ 'ਚ ਐੱਨਆਈਏ ਨੇ ਇਸਤਗਾਸਾ ਗਵਾਹਾਂ ਦੇ ਉਨ੍ਹਾਂ ਨਾਵਾਂ ਦੀ ਸੂਚੀ ਦੇਣ ਲਈ ਸਮਾਂ ਮੰਗਿਆ ਹੈ, ਜਿਨ੍ਹਾਂ ਦੇ ਬਿਆਨਾਂ 'ਚ ਕਾਂਟ-ਛਾਂਟ ਕੀਤੀ ਗਈ ਹੈ। ਆਈਏ ਮਹੰਤੀ ਤੇ ਏਐੱਮ ਬਦਰ ਦਾ ਬੈਂਚ ਇਸੇ ਮਾਮਲੇ 'ਚ ਇਕ ਹੋਰ ਮੁਲਜ਼ਮ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਪੁਰੋਹਿਤ ਨੇ ਅਦਾਲਤ ਤੋਂ ਚਾਰਜਸ਼ੀਟ ਦਾ ਹਿੱਸਾ ਰਹੇ ਗਵਾਹਾਂ ਦੇ ਬਗ਼ੈਰ ਕਾਂਟ-ਛਾਂਟ ਵਾਲੇ ਬਿਆਨਾਂ ਦੀਆਂ ਨਕਲਾਂ ਦਿਵਾਉਣ ਦੀ ਮੰਗ ਕੀਤੀ ਹੈ। ਬੈਂਚ ਇਸ ਮਾਮਲੇ 'ਤੇ ਦੋ ਅਗਸਤ ਨੂੰ ਸੁਣਵਾਈ ਕਰੇਗਾ। ਐੱਨਆਈਏ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਵਾਹਾਂ ਦੇ ਨਾਂ ਤੇ ਬਿਆਨਾਂ ਦੇ ਕਾਂਟ-ਛਾਂਟ ਵਾਲੇ ਸਬੂਤਾਂ ਦੀ ਹੁਣ ਤਕ ਜਾਂਚ ਨਹੀਂ ਕੀਤੀ ਗਈ। ਪਿਛਲੇ ਹਫ਼ਤੇ ਹਾਈ ਕੋਰਟ ਨੇ ਐੱਨਆਈਏ ਨੂੰ ਉਨ੍ਹਾਂ ਇਸਤਗਾਸਾ ਗਵਾਹਾਂ ਦੇ ਨਾਵਾਂ ਦੀ ਸੂਚੀ ਦੇਣ ਨੂੰ ਕਿਹਾ ਸੀ ਜਿਨ੍ਹਾਂ ਦੇ ਬਿਆਨਾਂ ਦੇ ਨਾਲ-ਨਾਲ ਕਾਂਟ-ਛਾਂਟ ਕੀਤੀ ਗਈ ਸੀ।