ਕੁਆਲਾਲੰਪੁਰ (ਏਪੀ) : ਮਲੇਸ਼ੀਆ ਨੇ ਵੀਰਵਾਰ ਨੂੰ 200 ਰੋਹਿੰਗਿਆ ਸ਼ਰਨਾਰਥੀਆਂ ਨੂੰ ਦੇਸ਼ ਵਿਚ ਵੜਨ ਤੋਂ ਰੋਕ ਦਿੱਤਾ। ਇਹ ਸਾਰੇ ਇਕ ਕਿਸ਼ਤੀ 'ਤੇ ਸਵਾਰ ਸਨ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਸਨ ਅਤੇ ਗ਼ੈਰ ਕਾਨੂੰਨੀ ਰੂਪ ਨਾਲ ਮਲੇਸ਼ੀਆ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਮਲੇਸ਼ੀਆਈ ਏਅਰਫੋਰਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਉੱਤਰੀ ਟਾਪੂ ਲੰਗਕਾਵੀ ਦੇ ਤੱਟ ਤੋਂ ਕਰੀਬ 130 ਕਿਲੋਮੀਟਰ ਦੂਰ ਉਸ ਦੇ ਨਿਗਰਾਨੀ ਜਹਾਜ਼ ਨੇ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਨੂੰ ਦੇਖਿਆ। ਇਨ੍ਹਾਂ ਸ਼ਰਨਾਰਥੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਡਰ ਵੀ ਸੀ। ਇਸ ਵਿਚਾਲੇ ਜਲ ਸੈਨਾ ਦੇ ਦੋ ਜਹਾਜ਼ਾਂ ਨੇ ਕਿਸ਼ਤੀ ਨੂੰ ਵਿਚਾਲੇ ਹੀ ਘੇਰ ਲਿਆ। ਜਲ ਸੈਨਾ ਵੱਲੋਂ ਮਨੁੱਖੀ ਆਧਾਰ 'ਤੇ ਸ਼ਰਨਾਰਥੀਆਂ ਨੂੰ ਖਾਣਾ ਮੁਹੱਈਆ ਕਰਵਾਇਆ ਗਿਆ ਅਤੇ ਬਾਅਦ ਵਿਚ ਦੇਸ਼ ਦੇ ਜਲ ਖੇਤਰ ਵਿਚੋਂ ਉਨ੍ਹਾਂ ਨੂੰ ਸਹੀ ਸਲਾਮਤ ਬਾਹਰ ਭੇਜ ਦਿੱਤਾ ਗਿਆ। ਬਾਅਦ ਵਿਚ ਉਹ ਕਿਸ਼ਤੀ ਕਿੱਥੇ ਅਤੇ ਕਿਸ ਪਾਸੇ ਗਏ, ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।