ਜੇਐੱਨਐੱਨ, ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਟੈਲੀਕਾਮ ਵਿਭਾਗ ਨਾਲ ਮਿਲ ਕੇ ਵੱਡੀ ਕਾਰਵਾਈ ਕਰਦੇ ਹੋਏ ਨੋਇਡਾ 'ਚ ਫ਼ਰਜ਼ੀ ਟੈਲੀਫੋਨ ਐਕਸਚੇਂਜ ਦਾ ਪਰਦਾਫਾਸ਼ ਕੀਤਾ ਹੈ। ਦਸਤੇ ਨੇ ਦੋ ਲੋਕਾਂ ਨੂੰ ਮੌਕੇ ਤੋਂ ਗਿ੍ਫਤਾਰ ਕੀਤਾ ਹੈ। ਮੁਲਜ਼ਮ ਦੇਸ਼ ਦੀ ਸੁਰੱਖਿਆ 'ਚ ਸੰਨ੍ਹ ਲਗਾਉਂਦੇ ਹੋਏ ਵਾਇਸ ਓਵਰ ਇੰਟਰਨੈੱਟ ਪ੍ਰਰੋਟੋਕਾਲ (ਵੀਓਆਈਪੀ) ਜ਼ਰੀਏ ਆਉਣ ਵਾਲੀ ਕਾਲ ਨੂੰ ਆਮ ਵਾਇਸ ਕਾਲ ਵਿਚ ਬਦਲ ਕੇ ਦੇਸ਼ ਨੂੰ ਆਰਥਿਕ ਨੁਕਸਾਨ ਵੀ ਪਹੁੰਚਾ ਰਹੇ ਸਨ। ਏਟੀਐੱਸ ਨੇ ਮਾਮਲੇ 'ਚ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ।

ਮੁਲਜ਼ਮਾਂ ਨੇ ਲੰਡਨ ਦੇ ਪਤੇ 'ਤੇ ਫਰਜ਼ੀ ਕੰਪਨੀ ਵੀ ਰਜਿਸਟਰਡ ਕਰਵਾਈ ਸੀ। ਮੌਕੇ ਤੋਂ ਲੈਪਟਾਪ, ਰਾਊਟਰ, ਸਿਮ, ਮੋਬਾਈਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਹਰਦੋਈ ਦੇ ਸਦਰ ਬਾਜ਼ਾਰ ਵਾਸੀ ਅਭੈ ਮਿਸ਼ਰਾ, ਰਾਜਸਥਾਨ ਦੇ ਝੁਨਝੁਨ ਵਾਸੀ ਸ਼ਮਸ ਤਾਹਿਰ ਖਾਨ ਉਰਫ ਤੁਸ਼ਾਰ ਸਰਮਾ ਦੇ ਰੂਪ ਵਿਚ ਹੋਈ ਹੈ। ਦੋਵੇਂ ਮੌਜੂਦਾ ਸਮੇਂ 'ਚ ਨੋਇਡਾ ਦੇ ਸੈਕਟਰ 151 ਸਥਿਤ ਜੇਪੀ ਅਮਨ ਅਪਾਰਟਸ 'ਚ ਰਹਿ ਰਹੇ ਸਨ।

ਏਟੀਐੱਸ ਮੁਤਾਬਕ ਮੁਲਜ਼ਮ ਆਲ ਸਾਲਿਊਸ਼ਨ ਸਰਵਿਸਿਜ਼ ਨਾਂ 'ਤੇ ਨਾਜਾਇਜ਼ ਟੈਲੀਫੋਨ ਐਕਸਚੇਂਜ ਚਲਾ ਰਹੇ ਸਨ। ਮੁਲਜ਼ਮਾਂ ਨੇ ਵੋਡਾਫੋਨ ਕੰਪਨੀ ਤੋਂ ਸੌ ਚੈਨਲਾਂ ਦਾ ਪੀਆਰਆਈ ਸਰਵਰ ਲਿਆ ਹੋਇਆ ਸੀ। ਅਸਟੈਰਿਸਕ ਸਾਫਟਵੇਅਰ ਜ਼ਰੀਏ ਇੰਟਰਨੈੱਟ ਗੇਟਵੇ ਨੂੰ ਬਾਈਪਾਸ ਕਰਕੇ ਵਿਦੇਸ਼ਾਂ ਤੋਂ ਆਉਣ ਵਾਲੀ ਇੰਟਰਨੈੱਟ ਕਾਲ ਨੂੰ ਆਮ ਕਾਲ ਵਿਚ ਬਦਲ ਕੇ ਲੋਕਾਂ ਦੀ ਗੱਲ ਕਰਵਾਉਂਦੇ ਸਨ। ਲੋਕਾਂ ਦੇ ਮੋਬਾਈਲ ਦੀ ਸਕ੍ਰੀਨ 'ਤੇ ਕੇਵਲ ਭਾਰਤੀ ਨੰਬਰ ਡਿਸਪਲੇਅ ਹੁੰਦਾ ਸੀ। ਇਸ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਦੇ ਨਾਲ ਇੰਟਰਨੈੱਟ ਗੇਟ ਵੇ ਬਾਈਪਾਸ ਹੋਣ ਕਾਰਨ ਸੁਰੱਖਿਆ ਨੂੰ ਖਤਰਾ ਸੀ। ਮੁਲਜ਼ਮਾਂ ਨੇ ਕੌਮਾਂਤਰੀ ਟੈਲੀਕਾਮ ਮਾਰਕੀਟ 'ਚ ਆਪਣੀ ਸਾਖ ਬਣਾਉਣ ਲਈ ਲੰਡਨ ਦੇ ਪਤੇ 'ਤੇ ਆਈਪੀਜੀਏਬੀ ਨੈੱਟਵਰਕ ਲਿਮਟਿਡ ਨਾਮਕ ਫ਼ਰਜ਼ੀ ਕੰਪਨੀ ਰਜਿਸਟਰਡ ਕਰਵਾਈ ਸੀ। ਇੰਟਰਨੈੱਟ ਮੀਡੀਆ 'ਚ ਆਪਣੀ ਕੰਪਨੀ ਦਾ ਪ੍ਰਚਾਰ ਕਰਦੇ ਸਨ। ਏਟੀਐੱਸ ਮੁਲਜ਼ਮਾਂ ਤੋਂ ਇਹ ਜਾਨਣ ਦੇ ਯਤਨ ਵਿਚ ਹੈ ਕਿ ਇਸ ਧੰਦੇ ਨੂੰ ਉਹ ਕਦੋਂ ਤੋਂ ਚਲਾ ਰਹੇ ਸਨ ਤੇ ਇਸ ਵਿਚ ਕਿੰਨੇ ਲੋਕ ਸ਼ਾਮਲ ਹਨ। ਇੰਟਰਨੈੱਟ ਕਾਲ ਨੂੰ ਆਮ ਕਾਲ ਵਿਚ ਬਦਲਣ ਦਾ ਤਰੀਕਾ ਕਿਥੋਂ ਤੇ ਕਿਸ ਤੋਂ ਸਿੱਖਿਆ। ਇਸ ਧੰਦੇ ਨਾਲ ਉਨ੍ਹਾਂ ਨੇ ਹੁਣ ਤਕ ਕਿੰਨੀ ਰਕਮ ਇਕੱਠੀ ਕੀਤੀ ਹੈ ਅਤੇ ਇਸ ਰਕਮ ਨੂੰ ਕਿਥੇ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਏਟੀਐੱਸ ਇਹ ਜਾਨਣ ਦਾ ਯਤਨ ਵੀ ਕਰ ਰਹੀ ਹੈ ਕਿ ਮੁਲਜ਼ਮਾਂ ਦੇ ਕਿੰਨੇ ਤੇ ਕਿੱਥੇ ਫਰਜ਼ੀ ਟੈਲੀਫੋਨ ਐਕਸਚੇਂਜ ਸੰਚਾਲਿਤ ਹੋ ਰਹੇ ਹਨ।

ਇਹ ਸਾਮਾਨ ਕੀਤਾ ਬਰਾਮਦ

ਏਟੀਐੱਸ ਨੇ ਇਕ ਲੈਪਟਾਪ, ਤਿੰਨ ਰਾਊਟਰ, ਇਕ ਡੀ ਲਿੰਕ ਸਵਿਚ, ਅਡਾਪਟਰ, ਪਾਵਰ ਕੇਬਲ, ਇਥਰਨੈੱਟ ਪੋਰਟ, ਦੋ ਟਰਮੀਨੇਸ਼ਨ ਬਾਕਸ, ਆਪਟੀਕਲ ਫਾਈਬਰ ਕੇਬਲ, ਵੋਡਾਫੋਨ ਦੀ ਐੱਸਆਈਪੀ ਟੈਂਕ ਆਊਟਰ ਕੇਬਲ, ਚਾਰ ਮੋਬਾਈਲ, ਚਾਰ ਸਿਮ, ਇਕ ਐਪਲ ਘੜੀ, ਇਕ ਡੋਂਗਲ, ਅੱਠ ਡੈਬਿਟ ਕਾਰਡ ਤੇ ਪਛਾਣ ਪੱਤਰ।