ਜੇਐੱਨਐੱਨ, ਬਾਰਾਬੰਕੀ : ਸ੍ਰੀਗਣੇਸ਼ ਦੀ ਮੂਰਤੀ ਨੂੰ ਪ੍ਰਵਾਹ ਕਰਨ ਗਏ ਦੋ ਪੁੱਤਰ, ਉਨ੍ਹਾਂ ਦੀ ਮਾਂ ਸਮੇਤ ਪੰਜ ਲੋਕ ਕਲਿਆਣੀ ਨਦੀ ’ਚ ਡੁੱਬ ਗਏ। ਪੀਏਸੀ ਦੀ ਫਲੱਡ ਯੂਨਿਟ, ਪੰਜ ਗੋਤਾਖੋਰ ਤਲਾਸ਼ ’ਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਵੀ ਜਾਲ ਪਾਇਆ ਹੋਇਆ ਹੈ। ਔਰਤ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਹੋਰਨਾਂ ਦੀ ਤਲਾਸ਼ ਜਾਰੀ ਹੈ। ਸੂਚਨਾ ਦੇ ਬਾਵਜੂਦ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐੱਸਡੀਆਰਐੱਫ) ਮੌਕੇ ’ਤੇ ਨਹੀਂ ਪਹੁੰਚ ਸਕਿਆ ਸੀ।

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਮਸੌਲੀ ਦੇ ਸਆਦਤਗੰਜ ਦੇ ਨਾਰਾਇਣਧਰ ਪਾਂਡੇ ਨੇ ਘਰ ’ਚ ਸ੍ਰੀਗਣੇਸ਼ ਦੀ ਮੂਰਤੀ ਸਥਾਪਤ ਕੀਤੀ ਸੀ। ਐਤਵਾਰ ਨੂੰ ਉਹ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨਾਲ ਮੂਰਤੀ ਨੂੰ ਕਲਿਆਣੀ ਨਦੀ ’ਚ ਪ੍ਰਵਾਹ ਕਰਨ ਗਏ ਸਨ। ਕਲਿਆਣੀ ਨਦੀ ਦੇ ਕਿਨਾਰੇ ਇਕ ਕਿਲੋਮੀਟਰ ਤਕ ਖੇਤਾਂ ’ਚ ਪਾਣੀ ਭਰਿਆ ਹੋਣ ਨਾਲ ਉਨ੍ਹਾਂ ਨੂੰ ਨਦੀ ਦਾ ਅੰਦਾਜ਼ਾ ਨਹੀਂ ਹੋ ਸਕਿਆ ਅਤੇ ਡੇਢ ਫੁੱਟ ਦੀ ਮੂਰਤੀ ਨਾਲ ਨਾਰਾਇਣਧਰ ਪਾਂਡੇ ਤੇ ਧਰਮਿੰਦਰ ਕਸ਼ਿਅਪ ਅਚਾਨਕ ਨਦੀ ’ਚ ਡੁੱਬ ਗਏ। ਇਸ ਨਾਲ ਮਚੀ ਹਫੜਾ-ਦਫੜੀ ’ਚ ਮਦਨ ਪਟਵਾ ਦਾ ਪੁੱਤਰ ਸੂਰਜ ਵੀ ਡੂੰਘੇ ਪਾਣੀ ’ਚ ਡੁੱਬ ਗਿਆ। ਛੋਟੇ ਭਰਾ ਨੂੰ ਬਚਾਉਣ ਲਈ ਅੱਗੇ ਵਧੇ ਨੀਲੇਸ਼ ਪਟਵਾ ਅਤੇ ਉਨ੍ਹਾਂ ਦੋਵਾਂ ਨੂੰ ਆਪਣੀ ਸਾੜ੍ਹੀ ਫੜਾ ਕੇ ਬਚਾਉਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਮਾਂ ਮੁੰਨੀ ਦੇਵੀ ਵੀ ਡੁੱਬਣ ਲੱਗੀ। ਫਿਰ ਕੋਈ ਵੀ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਨਹੀਂ ਵਧ ਸਕਿਆ, ਜਿਸ ਨਾਲ ਤਿੰਨੇ ਡੁੱਬ ਗਏ।

Posted By: Jagjit Singh