ਜੇਐੱਨਐੱਨ, ਨਵੀਂ ਦਿੱਲੀ : ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਇਕ ਦਿਨ 'ਚ ਰਿਕਾਰਡ 97 ਲੋਕਾਂ ਦੀ ਮੌਤ ਹੋਈ ਹੈ, ਹਾਲਾਂਕਿ ਨਵੇਂ ਮਾਮਲਿਆਂ 'ਚ ਲਗਾਤਾਰ ਦੂਜੇ ਦਿਨ ਵੀ ਕਮੀ ਆਈ ਹੈ। ਦੇਸ਼ 'ਚ ਇਨਫੈਕਟਿਡਾਂ ਦੀ ਗਿਣਤੀ ਇਕ ਲੱਖ 45 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਪਰ ਸਰਗਰਮ ਕੇਸ 80 ਹਜ਼ਾਰ ਤੋਂ ਕੁਝ ਜ਼ਿਆਦਾ ਹਨ। ਦੂਜੇ ਸੂਬਿਆਂ ਤੋਂ ਪਰਵਾਸੀ ਮਜ਼ਦੂਰਾਂ ਦੇ ਪਰਤਣ ਨਾਲ ਬਿਹਾਰ, ਬੰਗਾਲ, ਅਸਾਮ ਤੇ ਓਡੀਸ਼ਾ 'ਚ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਤੋਂ ਇਲਾਵਾ ਗੁਜਰਾਤ, ਦਿੱਲੀ ਤੇ ਤਾਮਿਲਨਾਡੂ ਵਰਗੇ ਸੂਬਿਆਂ 'ਚ ਪਹਿਲਾਂ ਤੋਂ ਹੀ ਹਾਲਾਤ ਖ਼ਰਾਬ ਹਨ। ਇਨ੍ਹਾਂ ਸਾਰਿਆਂ ਨੂੰ ਰਲਾ ਕੇ ਨਵੇਂ ਮਾਮਲਿਆਂ 'ਚ ਜ਼ਿਆਦਾ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ। ਮੰਗਲਵਾਰ ਨੂੰ ਵੀ ਸਾਢੇ ਚਾਰ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 150 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 6,535 ਨਵੇਂ ਮਾਮਲੇ ਸਾਹਮਣੇ ਆਏ ਤੇ 146 ਲੋਕਾਂ ਦੀ ਮੌਤ ਹੋਈ। ਕੁਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,45,380 ਹੋ ਗੀ ਹੈ ਤੇ ਹੁਣ ਤਕ 4,167 ਲੋਕਾਂ ਦੀ ਮੌਤ ਵੀ ਹੋਈ ਹੈ। ਹੁਣ ਤਕ 60 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਇਕ ਦਿਨ ਪਹਿਲਾਂ ਦੀ ਦੇਰ ਰਾਤ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਪੂਰੇ ਦੇਸ਼ 'ਚ 4,626 ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ 1,46,420 'ਤੇ ਪੁੱਜ ਗਈ। ਹੁਣ ਤਕ 61,379 ਲੋਕ ਸਿਹਤਮੰਦ ਹੋਏ ਤੇ ਸਰਗਰਮ ਮਾਮਲਿਆਂ ਕੁਲ 80,800 ਹਨ। ਇਸ ਮਹਾਮਾਰੀ ਨਾਲ ਹੁਣ ਤਕ 4,241 ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ 153 ਲੋਕਾਂ ਦੀ ਜਾਨ ਚਲੀ ਗਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ ਰਿਕਾਰਡ 97, ਗੁਜਰਾਤ 'ਚ 27, ਦਿੱਲੀ 'ਚ 12, ਤਾਮਿਲਨਾਡੂ 'ਚ ਨੌਂ, ਬੰਗਾਲ 'ਚ ਪੰਜ ਤੇ ਰਾਜਸਥਾਨ, ਜੰਮੂ-ਕਸ਼ਮੀਰ ਤੇ ਆਂਧਰ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ।

ਮਹਾਰਾਸ਼ਟਰ 'ਚ 2,091 ਨਵੇਂ ਮਾਮਲੇ

ਮਹਾਰਾਸ਼ਟਰ 'ਚ ਮੰਗਲਵਾਰ ਨੂੰ 97 ਲੋਕਾਂ ਦੀ ਮੌਤ ਹੋਈ, ਜੋ ਸੂਬੇ 'ਚ ਇਕ ਦਿਨ 'ਚ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਪਰ ਲਗਾਤਾਰ ਦੂਜੇ ਦਿਨ ਨਵੇਂ ਮਾਮਲਿਆਂ 'ਚ ਕਮੀ ਆਈ। ਕੁਲ 2,091 ਨਵੇਂ ਮਾਮਲੇ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 54,785 ਹੋ ਗਈ।

ਗੁਜਰਾਤ 'ਚ 15 ਹਜ਼ਾਰ ਦੇ ਕਰੀਬ ਇਨਫੈਕਟਿਡ

ਗੁਜਰਾਤ 'ਚ ਇਨਫੈਕਟਿਡਾਂ ਦੀ ਗਿਣਤੀ 14,829 'ਤੇ ਪੁੁੱਜ ਗਈ ਹੈ। ਮੰਗਲਵਾਰ ਨੂੰ 361 ਨਵੇਂ ਮਾਮਲੇ ਸਾਹਮਣੇ ਆਏ ਹਨ। ਕੌਮੀ ਰਾਜਧਾਨੀ ਦਿੱਲੀ 'ਚ 412 ਨਵੇਂ ਮਾਮਲੇ ਮਿਲੇ ਤੇ ਅੰਕੜਾ 14,465 'ਤੇ ਪੁੱਜ ਗਿਆ। ਸਰਗਰਮ ਕੇਸ 7,223 ਹੈ। ਤਾਮਿਲਨਾਡੂ 'ਚ 646 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 17,728 'ਤੇ ਪੁੱਜ ਗਈ। ਇਨ੍ਹਾਂ ਤਿੰਨਾਂ ਸੂੁਬਿਆਂ 'ਚ ਪਿਛਲੇ ਦਿਨ ਦੇ ਮੁਕਾਬਲੇ ਨਵੇਂ ਮਾਮਲੇ ਘੱਟ ਮਿਲੇ ਹਨ। 97 ਕੇਸਾਂ ਨਾਲ ਆਂਧਰ ਪ੍ਰਦੇਸ਼ 'ਚ 2,983 ਤੇ 100 ਨਵੇਂ ਮਾਮਲਿਆਂ ਨਾਲ ਕਰਨਾਟਕ 'ਚ 2,282 ਇਨਫੈਕਟਿਡ ਹੋ ਗਏ ਹਨ। ਕੇਰਲ 'ਚ ਵੀ 67 ਨਵੇਂ ਕੇਸ ਮਿਲੇ ਹਨ ਤੇ ਅੰਕੜਾ 963 'ਤੇ ਪੁੱਜ ਗਿਆ ਹੈ।

ਬਿਹਾਰ-ਬੰਗਾਲ ਨੇ ਵਧਾਈ ਮੁਸੀਬਤ

ਕੇਂਦਰੀ ਸਿਹਤ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਕਾਰਨ ਬਿਹਾਰ, ਬੰਗਾਲ, ਅਸਾਮ ਤੇ ਓਡੀਸ਼ਾ 'ਚ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। 133 ਨਵੇਂ ਮਾਮਲਿਆਂ ਨਾਲ ਬਿਹਾਰ 'ਚ ਇਨਫੈਕਟਿਡਾਂ ਦੀ ਗਿਣਤੀ 2,870, ਬੰਗਾਲ 'ਚ 193 ਨਵੇਂ ਕੇਸਾਂ ਨਾਲ 4,009, ਓਡੀਸ਼ਾ 'ਚ 79 ਨਵੇਂ ਮਾਮਲਿਆਂ ਨਾਲ 1,517 ਅਤੇ ਅਸਾਮ 'ਚ 47 ਕੇਸਾਂ ਨਾਲ ਅੰਕੜਾ 595 'ਤੇ ਪੁੱਜ ਗਿਆ ਹੈ। ਤਿੰਨ ਹਫ਼ਤੇ ਪਹਿਲਾਂ ਤਕ ਇਨ੍ਹਾਂ ਸੂਬਿਆਂ 'ਚ ਇਨਫੈਕਟਿਡਾਂ ਦੀ ਗਿਣਤੀ ਬਹੁਤ ਘੱਟ ਸੀ।

ਰਾਜਸਥਾਨ 'ਚ ਵੀ ਬੇਕਾਬੂ ਕੋਰੋਨਾ

ਰਾਜਸਥਾਨ 'ਚ ਕੋਰੋਨਾ ਬੇਕਾਬੂ ਹੈ। ਰੋਜ਼ਾਨਾ ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਮੰਗਲਵਾਰ ਨੂੰ 176 ਨਵੇਂ ਕੇਸ ਮਿਲੇ ਹਨ ਤੇ ਗਿਣਤੀ ਵਧ ਕੇ 7,476 (ਸਰਗਰਮ 3,137) ਹੋ ਗਏ। 20 ਨਵੇਂ ਮਾਮਲਿਆਂ ਨਾਲ ਮੱਧ ਪ੍ਰਦੇਸ਼ 'ਚ ਵੀ ਕੋਰੋਨਾ ਦੇ 6,955 ਮਰੀਜ਼ ਹੋ ਗਏ। ਉੱਤਰਾਖੰਡ 'ਚ ਵੀ 68 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦਾ ਅੰਕੜਾ 402 'ਤੇ ਪੁੱਜ ਗਿਆ ਹੈ।