ਓਮਪ੍ਰਕਾਸ਼ ਤਿਵਾੜੀ, ਮੁੰਬਈ : ਕਈ ਸਿਆਸੀ ਪਾਰਟੀਆਂ ਲਈ ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਹਾਲ ਦੇ ਘਟਨਾਕ੍ਰਮ ਨੂੰ ਦੇਖਦਿਆਂ ਇਸ ਮੁਲਾਕਾਤ ਤੋਂ ਬਾਅਦ ਸਿਆਸੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਵਾਰ ਮਹਾਰਾਸ਼ਟਰ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੇ ਦੇਸ਼ ਦੀਆਂ ਲੋਕ ਸਭਾ ਚੋਣਾਂ 'ਚ ਪ੍ਰਸ਼ਾਂਤ ਦੀ ਮਦਦ ਨਾਲ ਕੋਈ ਨਵੀਂ ਸਿਆਸੀ ਖੇਡ ਖੇਡਣ ਦੀ ਤਿਆਰੀ ਕਰ ਰਹੇ ਹਨ।

ਪ੍ਰਸ਼ਾਂਤ ਸ਼ੁੱਕਰਵਾਰ ਸਵੇਰੇ ਪਵਾਰ ਦੀ ਰਿਹਾਇਸ਼ ਸਿਲਵਰ ਓਕ ਪੁੱਜੇ। ਦੋਵੇਂ ਵਿਚਾਲੇ ਕਰੀਬ ਡੇਢ ਘੰਟਾ ਗੱਲਬਾਤ ਹੋਈ। ਮੁਲਾਕਾਤ ਦੌਰਾਨ ਪਵਾਰ ਨੇ ਐੱਨਸੀਪੀ ਦੇ ਸੂਬਾ ਪ੍ਰਧਾਨ ਜੈਅੰਤ ਪਾਟਿਲ ਨੂੰ ਵੀ ਆਪਣੀ ਰਿਹਾਇਸ਼ 'ਤੇ ਸੱਦ ਲਿਆ। ਇਨ੍ਹਾਂ ਆਗੂਆਂ ਨਾਲ ਪ੍ਰਸ਼ਾਂਤ ਦੀ ਗੱਲਬਾਤ ਕਿਸ ਵਿਸ਼ੇ 'ਤੇ ਹੋਈ, ਇਸ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਆਸ ਲਾਏ ਜਾ ਰਹੇ ਹਨ ਕਿ ਉਹ ਭਵਿੱਖ 'ਚ ਐੱਨਸੀਪੀ ਤੇ ਸੱਤਾਧਾਰੀ ਮਹਾਵਿਕਾਸ ਅਘਾੜੀ ਲਈ ਕੰਮ ਕਰ ਸਕਦੇ ਹਨ। ਐੱਨਸੀਪੀ ਦੇ ਸੀਨੀਅਰ ਆਗੂ ਤੇ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਇਨ੍ਹਾਂ ਕਿਆਸ-ਅਰਾਈਆਂ ਨੂੰ ਬੇਬੁਨਿਆਦ ਦੱਸਿਆ ਹੈ। ਅਜੀਤ ਪੁਣੇ 'ਚ ਸਨ। ਉਨ੍ਹਾਂ ਨੇ ਉਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਸ਼ਾਂਤ ਦੀ ਸ਼ਰਦ ਪਵਾਰ ਨਾਲ ਹੋਈ ਮੁਲਾਕਾਤ ਦੇ ਕਿਸੇ ਸਿਆਸੀ ਅਰਥ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਸ਼ਰਦ ਪਵਾਰ ਇਕ ਕੌਮੀ ਆਗੂ ਹੈ। ਉਨ੍ਹਾਂ ਨੂੰ ਮਿਲਣ ਉਂਝ ਵੀ ਲੋਕ ਆਉਂਦੇ ਰਹਿੰਦੇ ਹਨ। ਅਜੀਤ ਅਨੁਸਾਰ ਪ੍ਰਸ਼ਾਂਤ ਖ਼ੁਦ ਕਹਿ ਚੁੱਕੇ ਹਨ ਕਿ ਉਹ ਹੁਣ ਕਿਸੇ ਪਾਰਟੀ ਲਈ ਰਣਨੀਤੀਕਾਰ ਦੀ ਭੂਮਿਕਾ ਨਹੀਂ ਨਿਭਾਉਣਗੇ। ਇਸ ਤੋਂ ਬਾਅਦ ਅਜਿਹੀਆਂ ਅਫ਼ਵਾਹਾਂ ਫੈਲਾਉਣੀਆਂ ਬੇਤੁਕੀਆਂ ਹਨ ਕਿ ਉਹ ਐੱਨਸੀਪੀ ਜਾਂ ਅਘਾੜੀ ਲਈ ਕੰਮ ਕਰਨਗੇ। ਦੱਸਣਯੋਗ ਹੈ ਕਿ ਹਾਲ 'ਚ ਹੀ ਉਹ ਬੰਗਾਲ ਚੋਣਾਂ 'ਚ ਤਿ੍ਣਮੂਲ ਕਾਂਗਰਸ ਲਈ ਕੰਮ ਕਰ ਚੁੱਕੇ ਹਨ।