ਸਟੇਟ ਬਿਊਰੋ, ਮੁੰਬਈ : ਮਹਾਰਾਸ਼ਟਰ 'ਚ ਭਾਜਪਾ ਪ੍ਰਤੱਖ ਤੌਰ 'ਤੇ ਸਰਕਾਰ ਬਣਾਉਣ ਦੀ ਪ੍ਰਕਿਰਿਆ ਤੋਂ ਦੂਰ ਨਜ਼ਰ ਆ ਰਹੀ ਹੈ, ਪਰ ਉਸ ਦੇ ਕਈ ਨੇਤਾ ਇਸ ਟੀਚੇ ਵਿਚ ਜੁਟ ਗਏ ਹਨ। ਇਸ ਸਬੰਧੀ ਵੀਰਵਾਰ ਤੋਂ ਭਾਜਪਾ ਸੂਬਾ ਕਾਰਜਕਾਰਨੀ ਦੀ ਬੈਠਕ ਵੀ ਮੁੰਬਈ ਵਿਚ ਸੱਦੀ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਕਾਰਜਕਾਰਨੀ ਦੀ ਬੈਠਕ ਵਿਚ ਰਾਸ਼ਟਰਪਤੀ ਸ਼ਾਸਨ ਦੌਰਾਨ ਤਾਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ 'ਤੇ ਵਿਚਾਰ ਹੋਵੇਗਾ ਹੀ, ਇਸ ਤੋਂ ਇਲਾਵਾ ਸੂਬੇ ਵਿਚ ਕੋਈ ਹੋਰ ਸਰਕਾਰ ਬਣ ਜਾਣ ਦੀ ਸਥਿਤੀ ਵਿਚ ਮੱਧਕਾਲੀ ਚੋਣਾਂ ਦੀਆਂ ਤਿਆਰੀਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਸੂਬੇ ਵਿਚ ਕੋਈ ਹੋਰ ਸਰਕਾਰ ਬਣਨ ਦੀ ਸਥਿਤੀ ਵਿਚ ਭਾਜਪਾ ਸਦਨ ਤੋਂ ਸੜਕ ਤਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਵੋਟਰਾਂ ਵਿਚਾਲੇ ਜਾ ਕੇ ਵਿਰੋਧੀ ਧਿਰ ਵਿਚ ਰਹੀਆਂ ਕਾਂਗਰਸ-ਐੱਨਸੀਪੀ ਦੇ ਨਾਲ-ਨਾਲ ਹੁਣ ਤਕ ਆਪਣੇ ਨਾਲ ਸੱਤਾ ਵਿਚ ਰਹੀ ਸ਼ਿਵ ਸੈਨਾ ਦੀਆਂ ਭੂਮਿਕਾਵਾਂ ਉਜਾਗਰ ਕਰ ਸਕੇ।

ਹਿੰਦੂਤਵ 'ਤੇ ਭਾਜਪਾ ਦਾ ਸ਼ਿਵ ਸੈਨਾ 'ਤੇ ਵਿਅੰਗ

ਹਿੰਦੂਤਵ ਦੇ ਮਸਲੇ 'ਤੇ ਭਾਜਪਾ ਨੇ ਮੰਗਲਵਾਰ ਨੂੰ ਸ਼ਿਵ ਸੈਨਾ 'ਤੇ ਕਰਾਰਾ ਤਨਜ਼ ਕੱਸਿਆ। ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਕਿਹਾ, 'ਇਹ ਸ਼ਿਵ ਸੈਨਾ 'ਤੇ ਹੈ ਕਿ ਉਹ ਕਾਂਗਰਸ ਨਾਲ ਸਾਂਝਾ ਘੱਟੋ-ਘੱਟ ਪ੍ਰਰੋਗਰਾਮ ਵਿਚ ਕਿਵੇਂ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਐਡਜਸਟ ਕਰਦੀ ਹੈ। ਕਾਂਗਰਸ 150 ਸਾਲ ਪੁਰਾਣੀ ਪਾਰਟੀ ਹੈ ਅਤੇ ਉਹ ਆਪਣੇ ਹੀ ਏਜੰਡੇ (ਸਰਕਾਰ 'ਚ) ਨੂੰ ਅੱਗੇ ਵਧਾਏਗੀ।' ਸ਼ਿਵ ਸੈਨਾ ਨੂੰ ਸਰਕਾਰ ਗਠਨ ਲਈ ਅਤੇ ਸਮਾਂ ਨਾ ਦੇਣ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਦਾਨਵੇ ਨੇ ਕਿਹਾ, 'ਰਾਜਪਾਲ ਖ਼ਿਲਾਫ਼ ਇਤਰਾਜ਼ ਪ੍ਰਗਟ ਕਰਨਾ ਸਹੀ ਨਹੀਂ ਹੈ। ਉਨ੍ਹਾਂ ਸਿਰਫ਼ ਆਪਣੇ ਸੰਵਿਧਾਨਕ ਅਧਿਕਾਰ ਦਾ ਇਸਤੇਮਾਲ ਕੀਤਾ। ਜੇਕਰ ਸ਼ਿਵ ਸੈਨਾ ਕੋਲ ਗਿਣਤੀ ਹੈ ਤਾਂ ਉਹ ਕਦੇ ਵੀ ਦਾਅਵਾ ਕਰ ਸਕਦੇ ਹਨ। ਸੂਬੇ ਵਿਚ ਪਾਰਟੀ ਦੀ ਰਣਨੀਤੀ 'ਤੇ ਉਨ੍ਹਾਂ ਕਿਹਾ ਕਿ ਲੋਕ ਫ਼ਤਵੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੇਕਰ ਮਹਾਰਾਸ਼ਟਰ ਵਿਚ ਅਜਿਹਾ ਨਹੀਂ ਹੋਇਆ ਤਾਂ ਭਾਜਪਾ ਵਿਰੋਧੀ ਧਿਰ ਵਿਚ ਬੈਠੇਗੀ। ਸ਼ਿਵ ਸੈਨਾ ਦੇ ਲੋਕ ਫ਼ਤੇ ਦਾ ਅਪਮਾਨ ਕਰਨ ਦੇ ਕਾਰਨ ਹੀ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲੱਗਾ ਹੈ।