ਮੁੰਬਈ (ਪੀਟੀਆਈ) : ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ 'ਚ ਫਸੇ 1,200 ਵਿਦਿਆਰਥੀਆਂ ਸਣੇ ਜੰਮੂ-ਕਸ਼ਮੀਰ ਦੇ ਕਰੀਬ 3,300 ਲੋਕ ਪਿਛਲੇ 10 ਦਿਨਾਂ 'ਚ ਚਾਰ ਸ਼੍ਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਆਪਣੇ ਗ੍ਰਹਿ ਰਾਜ ਪਰਤ ਚੁੱਕੇ ਹਨ। ਇਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਫਸੇ ਹੋਏ ਨਿਵਾਸੀਆਂ ਨੂੰ ਕੱਢਣ ਲਈ ਸੂਬੇ ਵੱਲੋਂ ਸਭ ਤੋਂ ਵੱਧ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਫਸੇ ਵਾਸੀਆਂ 'ਚੋਂ 97 ਫ਼ੀਸਦੀ ਨੇ ਇਹ ਸਹੂਲਤ ਹਾਸਲ ਕੀਤੀ। ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਇਹ ਪ੍ਰਕਿਰਿਆ 14 ਮਈ ਤੋਂ ਸ਼ੁਰੂ ਕੀਤੀ ਗਈ ਸੀ। ਪਹਿਲੀ ਟ੍ਰੇਨ ਨਾਗਪੁਰ ਤੋਂ ਊਧਮਪੁਰ ਲਈ ਰਵਾਨਾ ਹੋਈ ਸੀ। ਇਸ ਟ੍ਰੇਨ 'ਚ ਇਕ ਹਜ਼ਾਰ ਲੋਕ ਰਵਾਨਾ ਹੋਏ ਸਨ। ਵਾਪਸ ਆਏ ਇਨ੍ਹਾਂ ਲੋਕਾਂ 'ਚ ਮਰੀਜ਼, ਵਪਾਰੀ, ਕਢਾਈ ਦਾ ਸਾਮਾਨ ਵੇਚਣ ਵਾਲੇ, ਕਾਮੇ ਅਤੇ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੇ ਮੁਲਾਜ਼ਮ ਸ਼ਾਮਲ ਸਨ। ਸੂਬੇ ਦੇ ਲਗਪਗ 30 ਕੈਂਸਰ ਰੋਗੀ ਜੋ ਟਾਟਾ ਮੈਮੋਰੀਅਲ ਹਸਪਤਾਲ 'ਚ ਇਲਾਜ ਕਰਵਾ ਰਹੇ ਸਨ, ਉਹ ਵੀ ਵਾਪਸ ਪਰਤੇ ਹਨ।

Posted By: Rajnish Kaur