ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਮੰਤਰੀ ਮਨਸੁਖ ਐੱਲ ਮੰਡਾਵੀਆ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਚਾਰ ਡਾਕਟਰੀ ਉਪਕਰਨਾਂ ਕਾਰਡੀਐਕ ਸਟੈਂਟ, ਡਰੱਗ ਇਲਿਊਟਿੰਗ ਸਟੈਂਟ, ਕੰਡੋਮ ਤੇ ਇੰਟਰਾ ਯੂਟੇਰਾਈਨ ਨੂੰ ਲੋੜੀਂਦੀਆਂ ਦਵਾਈਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਮੁੱਲ ਹੱੱਦ ਤੈਅ ਕਰ ਦਿੱਤੀ ਗਈ ਹੈ।

ਮੰਡਾਵੀਆ ਨੇ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਨੈਸ਼ਨਲ ਫਾਰਮਾਸਿਊਟਿਕਲ ਪ੍ਰਾਈਜ਼ਿੰਗ ਅਥਾਰਟੀ (ਏਪੀਪੀਏ) ਨੇ 20 ਹੋਰ ਡਾਕਟਰੀ ਉਪਕਰਨਾਂ ਦੀ ਨਿਗਰਾਨੀ ਕੀਤੀ ਹੈ ਅਤੇ ਇਹ ਯਕੀਨੀ ਕੀਤਾ ਹੈ ਕਿ 12 ਮਹੀਨਿਆਂ ਦੇ ਅੰਦਰ ਉਤਪਾਦਕ ਉਨ੍ਹਾਂ ਦੇ ਵੱਧ ਤੋਂ ਵੱਧ ਖੁਦਰਾ ਮੁੱਲ (ਐੱਮਆਰਪੀ) 'ਚ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਨਾ ਕਰਨ।

ਉਨ੍ਹਾਂ ਦੱਸਿਆ ਕਿ ਐੱਨਪੀਪੀਏ ਹੁਣ ਤਕ 23 ਡਾਕਟਰੀ ਉਪਕਰਨ ਕੰਪਨੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਕੁਲ 185 ਕਰੋੜ ਰੁਪਏ ਦੇ 27 ਡਿਮਾਂਡ ਨੋਟਿਸ ਜਾਰੀ ਕਰ ਚੁੱਕਾ ਹੈ ਅਤੇ 15 ਨਵੰਬਰ 2019 ਤਕ ਉਨ੍ਹਾਂ ਤੋਂ 54.5 ਕਰੋੜ ਰੁਪਏ ਦੀ ਧਨ ਰਾਸ਼ੀ ਵਸੂਲ ਕੀਤੀ ਜਾ ਚੁੱਕੀ ਹੈ।