ਨਵੀਂ ਦਿੱਲੀ : ਕਰਨਾਟਕ 'ਚ ਕਥਿਤ ਤੌਰ 'ਤੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਦੀ ਕੋਸ਼ਿਸ਼ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ 'ਚ ਉਠਿਆ। ਵਿਰੋਧੀ ਪਾਰਟੀ ਕਾਂਗਰਸ ਨੇ ਭਾਜਪਾ 'ਤੇ ਸੂਬੇ 'ਚ ਸੱਤਾਧਾਰੀ ਗਠਜੋੜ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾਉਣ ਦਾ ਦੋਸ਼ ਲਗਾਇਆ। ਹਾਲਾਂਕਿ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਦਾਨੰਦ ਗੌੌੜਾ ਨੇ ਇਸ ਦੋਸ਼ ਨੂੰ ਖਾਰਜ ਕੀਤਾ।

ਲੋਕ ਸਭਾ 'ਚ ਜ਼ੀਰੋਕਾਲ ਦੌਰਾਨ ਕਾਂਗਰਸ ਆਗੂ ਮਲਿੱਕਾਰਜੁਨ ਖੜਗੇ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਇਕ ਆਡੀਓ ਕਲਿੱਪ ਦਾ ਉਦਾਹਰਨ ਦਿੱਤਾ ਜਿਸ 'ਚ ਕਥਿਤ ਤੌਰ 'ਤੇ ਭਾਜਪਾ ਆਗੂ ਬੀਐੱਸ ਯੇਦਯੂਰੱਪਾ ਵੱਲੋਂ ਸੱਤਾਧਾਰੀ ਕਾਂਗਰਸ-ਜੇਡੀਐੱਸ ਗਠਜੋੜ 'ਚ ਸ਼ਾਮਲ ਇਕ ਵਿਧਾਇਕ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਗਰੋਂ ਕਾਂਗਰਸੀ ਆਗੂ ਸੋਨੀਆ ਗਾਂਧੀ ਸਮੇਤ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਸਦਨ ਤੋਂ ਵਾਕ ਆਊਟ ਕੀਤਾ।

ਕਰਨਾਟਕ ਤੋਂ ਚੁਣ ਕੇ ਆਏ ਖੜਗੇ ਨੇ ਸੂਬੇ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਕਥਿਤ ਆਡੀਓ ਕਲਿੱਪ 'ਚ ਵਿਧਾਨ ਸਭਾ ਪ੍ਧਾਨ ਤੇ ਇਕ ਜਸਟਿਸ ਨੂੰ ਵੀ ਪ੍ਭਾਵਿਤ ਕਰਨ ਦੀ ਗੱਲ ਕਹੀ ਗਈ ਹੈ।

ਇਸੇ ਤਰ੍ਹਾਂ ਸਾਬਕਾ ਪ੍ਧਾਨ ਮੰਤਰੀ ਤੇ ਜੇਡੀਐੱਸ ਆਗੂ ਐੱਚਡੀ ਦੇਵੇਗੌੜਾ ਨੇ ਵੀ ਕਿਹਾ ਕਿ ਆਪਰੇਸ਼ਨ ਕਮਲ ਵਰਗੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਦਾ ਇਸ਼ਾਰਾ ਕਰਨਾਟਕ 'ਚ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਕਰਨ ਦੀ ਕਵਾਇਦ ਸਬੰਧੀ ਸੀ।

ਹਾਲਾਂਕਿ ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਖੜਗੇ ਦੀ ਟਿੱਪਣੀ 'ਤੇ ਇਤਰਾਜ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਜੇਡੀਐੱਸ 'ਚ ਪਹਿਲਾਂ ਹੀ ਕਰਨਾਟਕ 'ਚ ਲੜਾਈ ਚੱਲ ਰਹੀ ਹੈ। ਦੋਵੇਂ ਹੀ ਪਾਰਟੀਆਂ ਫਰਜ਼ੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਅਜਿਹੀਆਂ ਹਰਕਤਾਂ ਕਰ ਰਹੀ ਹੈ, ਜੋ ਵੀ ਗੱਲਾਂ ਸਦਨ 'ਚ ਕਹੀਆਂ ਗਈਆਂ ਹਨ, ਉਹ ਝੂਠ ਹਨ ਤੇ ਸੱਚਾਈ ਤੋਂ ਦੂਰ ਹਨ।

ਇਸ ਤੋਂ ਪਹਿਲਾਂ ਕਾਂਗਰਸ ਦੇ ਮੈਂਬਰ ਕੁਝ ਸਮੇਂ ਲਈ ਪ੍ਧਾਨ ਦੀ ਸੀਟ ਨੇੜੇ ਨਾਅਰੇਬਾਜ਼ੀ ਕਰਦੇ ਆਏ। ਉਨ੍ਹਾਂ ਦੇ ਹੱਥ 'ਚ ਤਖ਼ਤੀਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਆਪਰੇਸ਼ਨ ਕਮਲ, ਲੋਕਤੰਤਰ ਦੀ ਹੱਤਿਆ।' ਉਥੇ ਤੇਦੇਪਾ ਦੇ ਮੈਂਬਰਾਂ ਨੇ ਵੀ ਸੂਬੇ ਲਈ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਧਾਨ ਦੀ ਸੀਟ ਨੇੜੇ ਆ ਕੇ ਨਾਅਰੇਬਾਜ਼ੀ ਕੀਤੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਜਦੋਂ ਗਿਆਰਾਂ ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਤੇਦੇਪਾ ਤੇ ਕਾਂਗਰਸ ਦੇ ਮੈਂਬਰਾਂ ਦੇ ਵਿਰੋਧ ਤੇ ਨਾਅਰੇਬਾਜ਼ੀ ਕਾਰਨ ਦਸ ਮਿੰਟ ਅੰਦਰ ਲੋਕ ਸਭਾ ਪ੍ਧਾਨ ਨੂੰ ਕਾਰਵਾਈ ਮੁਲਤਵੀ ਕਰਨੀ ਪਈ। ਇਸ ਮਗਰੋਂ ਸਦਨ 'ਚ ਕੰਮਕਾਜ 12 ਵਜੇ ਸ਼ੁਰੂ ਹੋਇਆ।