ਨਵੀਂ ਦਿੱਲੀ: 17ਵੀਂ ਲੋਕ ਸਭਾ ਦਾ ਗਠਨ ਹੋ ਚੁੱਕਾ ਹੈ। ਮੰਗਲਵਾਰ ਨੂੰ ਦੂਸਰੇ ਦਿਨ ਨਵੇਂ ਚੁਣੇ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਲਾ ਜਾਰੀ ਰਿਹਾ। ਸਹੁੰ ਚੁੱਕ ਪ੍ਰੋਗਰਾਮ ਮੁਕੰਮਲ ਹੋਣ ਤੋਂ ਬਾਅਦ ਸਦਨ ਲਈ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਲਈ ਐੱਨਡੀਏ ਵਲੋਂ ਓਮ ਬਿਰਲਾ ਦਾ ਨਾਂ ਤੈਅ ਕੀਤਾ ਗਿਆ ਹੈ।


ਜਿੱਥੇ ਇਕ ਪਾਸੇ ਸਦਨ 'ਚ ਸੰਸਦ ਮੈਂਬਰ ਸਹੁੰ ਚੁੱਕ ਰਹੇ ਸਨ ਉੱਥੇ ਦੂਸਰੇ ਪਾਸੇ ਲੋਕ ਸਭਾ ਸਪੀਕਰ ਸਬੰਧੀ ਕਵਾਇਦ ਜ਼ੋਰਾਂ 'ਤੇ ਸੀ। ਓਮ ਬਿਰਲਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਬਿਰਲਾ ਦੇ ਨਾਂ ਦਾ ਪ੍ਰਧਾਨ ਮੰਤਰੀ ਮੋਦੀ, ਰੱਖਿਾ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪ੍ਰਸਤਾਵ ਰੱਖਿਆ ਹੈ ਅਤੇ ਉਨ੍ਹਾਂ ਦੇ ਪ੍ਰਸਤਾਵ 'ਤੇ ਬੀਜੇਡੀ, ਸ਼ਿਵਸੈਨਾ, ਨੈਸ਼ਨਲ ਪਿਪਲਜ਼ ਪਾਰਟੀ, ਮਿਜ਼ੋ ਨੈਸ਼ਨਲ ਪਾਰਟੀ, ਅਕਾਲੀ ਦਲ, ਐੱਲਜੇਪੀ, YSRCP, JDU, AIADMK ਅਤੇ Apna Dal ਨੇ ਸਮਰਥਨ ਕੀਤਾ ਹੈ।

ਹਾਲਾਂਕਿ ਹੁਣ ਤਕ ਕਾਂਗਰਸ ਨੇ ਬਿਰਲਾ ਦੇ ਨਾਂ ਦਾ ਸਮਰਥਨ ਨਹੀਂ ਕੀਤਾ ਹੈ ਪਰ ਜੋਸ਼ੀ ਨੇ ਉਮੀਦ ਜਤਾਈ ਕਿ ਕਾਂਗਰਸ ਵੀ ਸਾਥ ਦੇਵੇਗੀ।

ਜਾਣੋ ਓਮ ਬਿਰਲਾ ਬਾਰੇ

  • ਓਮ ਬਿਰਲਾ ਸਾਲ 2014 'ਚ ਵੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ।
  • ਇਸ ਵਾਰ ਵੀ ਇਹ ਰਾਜਸਥਾਨ ਦੇ ਕੋਟਾ ਤੋਂ ਜਿੱਤ ਕੇ ਸੰਸਦ ਪਹੁੰਚੇ ਹਨ।

  • ਓਮ ਬਿਰਲਾ ਪੋਸਟ ਗ੍ਰੈਜ਼ੁਏਟ ਤਕ ਪੜ੍ਹੇ ਹਨ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਡਾ. ਅਮਿਤਾ ਬਿਰਲਾ ਹੈ।

  • 4 ਦਸੰਬਰ 1962 ਨੂੰ ਜਨਮੇ ਓਮ ਬਿਰਲਾ ਨੇ 17 ਸਾਲ ਦੀ ਉਮਰ ਤੋਂ ਰਾਜਨੀਤੀ 'ਚ ਕਦਮ ਰੱਖ ਲਿਆ ਸੀ।

  • ਸਾਲ 2003 'ਚ ਓਮ ਬਿਰਲਾ ਨੇ ਕੋਟਾ ਸਾਊਥ ਵਿਧਾਨ ਸਭਾ ਤੋਂ ਪਹਿਲੀ ਚੋਣ ਲੜੀ ਅਤੇ ਕਾਂਗਰਸ ਦੇ ਕੱਦਵਾਰ ਆਗੂ ਸ਼ਾਂਤੀ ਧਾਰੀਵਾਲ ਨੂੰ ਹਰਾਇਆ ਸੀ।

  • ਓਸ ਤੋਂ ਬਾਅਦ ਓਮ ਬਿਰਲਾ ਸਾਲ 2008 ਤੇ ਸਾਲ 2013 'ਚ ਵਿਧਾਨ ਸਭਾ ਚੋਣਾਂ ਜਿੱਤੇ।

  • ਓਮ ਬਿਰਲਾ ਨੂੰ ਸਾਲ 2014 'ਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜਨ ਦਾ ਮੌਕਾ ਮਿਲਿਆ। ਉਸ ਸਮੇਂ ਉਨ੍ਹਾਂ ਨੇ ਕਾਂਗਰਸ ਦੇ ਇਜਿਆਰਾਜ ਸਿੰਘ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ।

  • ਸਾਲ 2019 ਦੀਆਂ ਆਮ ਚੋਣਾਂ 'ਚ ਵੀ ਪਾਰਟੀ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਅਤੇ ਉਹ ਕਾਂਗਰਸ ਦੇ ਰਾਮਨਰਾਇਣ ਮੀਣਾ ਨੂੰ ਹਰਾ ਕੇ ਸੰਸਦ ਪਹੁੰਚੇ।

  • ਓਮ ਬਿਰਲਾ ਦੇ ਪਰਿਵਾਰ 'ਚ ਪਤਨੀ, ਦੋ ਲੜਕੇ ਅਤੇ ਦੋ ਲੜਕੀਆਂ ਵੀ ਹਨ।

  • ਦੱਸ ਦੇਈਏ ਕਿ ਓਮ ਬਿਰਲਾ ਦੀ ਪਛਾਣ ਰਾਜਨੀਤੀ ਰਾਹੀਂ ਲੋਕ ਸੇਵੇ ਕਰਨ ਵਾਲੇ ਆਗੂ ਦੀ ਹੈ।

Posted By: Akash Deep