ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੇ ਉਲੰਘਣ ਦੇ ਤਿੰਨ ਪੁਰਾਣੇ ਮਾਮਲਿਆਂ 'ਚ ਪੀਐੱਮ ਮੋਦੀ ਨੂੰ ਰਾਹਤ ਦੇਣ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਨਾਂਦੇੜ 'ਚ ਦਿੱਤੇ ਭਾਸ਼ਣ, ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਤੇ ਵਾਰਾਣਸੀ 'ਚ ਦਿੱਤੇ ਗਏ ਭਾਸ਼ਣ ਨੂੰ ਵੀ ਕਲੀਨਚਿੱਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਹੋਰ ਸ਼ਿਕਾਇਤਾਂ 'ਤੇ ਸੁਣਵਾਈ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੱਛਮੀ ਬੰਗਾਲ ਤੇ ਨਾਗਪੁਰ 'ਚ ਦਿੱਤੇ ਗਏ ਭਾਸ਼ਣਾਂ ਨੂੰ ਵੀ ਚੋਣ ਜ਼ਾਬਤੇ ਦੇ ਉਲੰਘਣ ਨਹੀਂ ਦੱਸਿਆ ਹੈ।

ਕਮਿਸ਼ਨ ਮੁਤਾਬਕ ਦੋਵੇਂ ਹੀ ਆਗੂਆਂ ਦੇ ਭਾਸ਼ਣਾਂ ਦੀ ਕਾਪੀ ਮੰਗਵਾ ਕੇ ਪੜ੍ਹੀ ਤੇ ਡੂੰਘਾ ਅਧਿਐਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਕਾਂਗਰਸ ਵੱਲੋਂ ਮੋਦੀ ਖ਼ਿਲਾਫ਼ 11 ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ 'ਚੋਂ 6 ਮਾਮਲਿਆਂ 'ਚ ਚੋਣ ਕਮਿਸ਼ਨ ਨੇ ਫੈਸਲਾ ਦੇ ਦਿੱਤਾ ਹੈ। ਕਮਿਸ਼ਨ ਨੂੰ ਮੁੱਖ ਅਦਾਲਤ ਨੇ 6 ਮਈ ਤਕ ਪੀਐੱਮ ਮੋਦੀ ਤੇ ਅਮਿਤ ਸ਼ਾਹ ਨਾਲ ਜੁੜੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਨਿਰਦੇਸ਼ ਦਿੱਤਾ ਸੀ।

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਜਬਲਪੁਰ 'ਚ ਉਨ੍ਹਾਂ ਦੇ ਦਿੱਤੇ ਭਾਸ਼ਣ 'ਤੇ ਕਲੀਨਚਿੱਟ ਦੇ ਦਿੱਤੀ ਸੀ। ਉਥੇ ਇਕ ਹੋਰ ਮਾਮਲੇ 'ਚ ਚੋਣ ਕਮਿਸ਼ਨ ਨੇ ਰਾਹੁਲ ਨੂੰ ਬੁੱਧਵਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ, ਜਿਸ ਦਾ ਜਵਾਬ ਕਾਂਗਰਸ ਪ੍ਰਧਾਨ ਨੂੰ 48 ਘੰਟਿਆਂ 'ਚ ਦੇਣਾ ਸੀ ਪਰ ਰਾਹੁਲ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਨੋਟਿਸ ਦਾ ਜਵਾਬ 7 ਮਈ ਤਕ ਦੇਣਗੇ ਜਿਸਨੂੰ ਕਮਿਸ਼ਨ ਨੇ ਮੰਨ ਲਿਆ ਹੈ।

Posted By: Arundeep