ਜੇਐੱਨਐੱਨ, ਜੈਪੁਰ : ਪਾਕਿਸਤਾਨ ਵੱਲੋਂ ਆ ਰਹੀਆਂ ਟਿੱਡੀਆਂ ਦਾ ਪ੍ਰਕੋਪ ਰਾਜਸਥਾਨ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਰਾਜਸਥਾਨ ਦੇ 14 ਜ਼ਿਲ੍ਹਿਆਂ 'ਚ ਕਰੀਬ 40 ਹਜ਼ਾਰ ਹੈਕਟੇਅਰ ਇਲਾਕੇ 'ਚ ਟਿੱਡੀਆਂ ਦਾ ਪ੍ਰਕੋਪ ਹੈ। ਟਿੱਡੀ ਦਲ ਫ਼ਸਲ ਨੂੰ ਬਰਬਾਦ ਕਰ ਰਹੇ ਹਨ। ਕਈ ਜ਼ਿਲ੍ਹਿਆਂ 'ਚ ਤਾਂ ਪਹਿਲੀ ਵਾਰ ਟਿੱਡੀਆਂ ਨੂੰ ਦੇਖ ਕੇ ਕਿਸਾਨ ਹੈਰਾਨ ਹਨ। ਓਧਰ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ। ਪੰਜਾਬ ਤੇ ਮੱਧ ਪ੍ਰਦੇਸ਼ ਦੇ ਵੀ ਕੁਝ ਇਲਾਕਿਆਂ 'ਚ ਟਿੱਡੀ ਦਲ ਦਾ ਖ਼ਤਰਾ ਵੱਧ ਗਿਆ ਹੈ।

ਗਹਿਲੋਤ ਨੇ ਕਿਹਾ ਕਿ ਟਿੱਡੀ ਚਿਤਾਵਨੀ ਸੰਗਠਨ ਛਿੜਕਾਅ ਦੇ ਯੰਤਰਾਂ ਦੀ ਗਿਣਤੀ ਵਧਾਉਣ ਦੇ ਨਾਲ ਜ਼ਿਲ੍ਹਿਆਂ 'ਚ ਕਲੈਕਟਰਾਂ ਨੂੰ ਛਿੜਕਾਅ ਦੇ ਵਾਹਨ ਉਪਲੱਬਧ ਕਰਵਾਏ। ਗਹਿਲੋਤ ਨੇ ਹੈਲੀਕਾਪਟਰ ਤੇ ਡਰੋਨ ਨਾਲ ਛਿੜਕਾਅ ਕਰਵਾਉਣ ਦੀ ਅਪੀਲ ਕੀਤੀ ਹੈ। ਗਹਿਲੋਤ ਨੇ ਇਸ ਸਮੱਸਿਆ ਨੂੰ ਲੈ ਕੇ ਉੱਚ ਪੱਧਰੀ ਬੈਠਕ ਵੀ ਕੀਤੀ ਹੈ। ਇਸ 'ਚ ਚੀਫ ਸਕੱਤਰ ਡੀਬੀ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਕੀਟਨਾਸ਼ਕ ਛਿੜਕਾਅ ਕਰਵਾਉਣ ਤੇ ਹੋਰ ਜ਼ਰੂਰੀ ਵਸੀਲਿਆਂ ਦੀ ਉਪਲੱਬਧਤਾ ਯਕੀਨੀ ਬਣਾਏ। ਸਰਕਾਰ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਜ਼ਰੂਰੀ ਤਿਆਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਵ੍ਹਟਸਐਪ ਗਰੁੱਪ ਨਾਲ ਜੁੜਨਗੇ ਸਰਪੰਚ ਤੋਂ ਲੈ ਕੇ ਸੰਸਦ ਮੈਂਬਰ

ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀ ਸੰਗਠਨ ਨੇ ਇਸ ਵਾਰ ਵਿਆਪਕ ਪੈਮਾਨੇ 'ਤੇ ਟਿੱਡੀਆਂ ਦੇ ਪ੍ਰਕੋਪ ਦਾ ਖ਼ਦਸ਼ਾ ਪ੍ਰਗਟਾਇਆ ਹੈ। ਲਿਹਾਜ਼ਾ ਸੂਬਾ ਸਰਕਾਰ ਵੀ ਉਸੇ ਪੱਧਰ 'ਤੇ ਤਿਆਰੀਆਂ ਕਰਨ 'ਚ ਰੁੱਝੀ ਹੈ। ਸੂਬੇ ਦੇ ਖੇਤੀ ਮੰਤਰੀ ਲਾਲਚੰਦ ਕਟਾਰੀਆ ਦਾ ਕਹਿਣਾ ਹੈ ਕਿ ਇਸ ਵਾਰ ਟਿੱਡੀਆਂ ਨਾਲ ਮੁਕਾਬਲਾ ਕਰਨ ਲਈ ਡਰੋਨ ਦੀ ਮਦਦ ਲਈ ਜਾਵੇਗੀ। ਹਾਲੇ ਤਕ ਕਰੀਬ 40 ਹਜ਼ਾਰ ਹੈਕਟੇਅਰ ਇਲਾਕੇ 'ਚ ਟਿੱਡੀਆਂ ਦਾ ਪ੍ਰਕੋਪ ਫੈਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਟਿੱਡੀਆਂ ਦਾ ਪ੍ਰਕੋਪ ਪਿਛਲੇ ਸਾਲ ਦੇ ਮੁਕਾਬਲੇ ਦੋ ਤੋਂ ਤਿੰਨ ਗੁਣਾ ਜ਼ਿਆਦਾ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਿਹਾਜ਼ਾ ਜ਼ਿਆਦਾ ਚੌਕਸ ਰਹਿਣ ਤੇ ਕੰਟਰੋਲ ਦੇ ਪ੍ਰਭਾਵਸ਼ਾਲੀ ਉਪਾਅ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਦੱਸਿਆ ਕਿ ਵ੍ਹਟਸਐਪ ਗਰੁੱਪ ਬਣਾ ਕੇ ਪੰਚਾਇਤ ਪ੍ਰਤੀਨਿਧੀਆਂ ਤੋਂ ਲੈ ਕੇ ਸੰਸਦ ਮੈਂਬਰ ਨੂੰ ਆਪਸ 'ਚ ਜੋੜਿਆ ਜਾ ਸਕਦਾ ਹੈ, ਜਿਸ ਨਾਲ ਸਮੇਂ 'ਤੇ ਟਿੱਡੀ ਦੀ ਸੂਚਨਾ ਮਿਲ ਸਕੇ। ਸੂਚਨਾ ਮਿਲਦਿਆਂ ਹੀ ਸਰਕਾਰੀ ਮਸ਼ੀਨਰੀ ਸਰਗਰਮ ਹੋ ਜਾਵੇਗੀ।

ਇਹ ਜ਼ਿਲ੍ਹੇ ਹਨ ਪ੍ਰਭਾਵਿਤ

ਜਾਣਕਾਰੀ ਅਨੁਸਾਰ ਬਾੜਮੇਰ, ਜੈਸਲਮੇਲ, ਜੋਧਪੁਰ, ਬੀਕਾਨੇਰ, ਸ੍ਰੀਗੰਗਾਨਗਰ, ਚੂਰੁ, ਸੀਕਰ, ਚਿਤੌੜਗੜ੍ਹ, ਪਾਲੀ, ਜਾਲੌਰ, ਝੁਨਝੁਨੂ, ਭੀਲਵਾੜਾ, ਹਨੂੰਮਾਨਗੜ੍ਹ ਤੇ ਜੈਪੁਰ ਜ਼ਿਲ੍ਹਿਆਂ 'ਚ ਟਿੱਡੀ ਦਲ ਪੁੱਜ ਚੁੱਕੇ ਹਨ। ਖੇਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਰੇਸ਼ਪਾਲ ਗੰਗਾਵਰ ਮੁਤਾਬਕ ਟਿੱਡੀ ਕੰਟਰੋਲ ਲਈ ਜਿਥੇ ਗੱਡੀਆਂ ਪੁੱਜਣ 'ਚ ਮੁਸ਼ਕਲ ਹੁੰਦੀ ਹੈ, ਉਥੇ ਇਸ ਵਾਰ ਡਰੋਨ ਨਾਲ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇਗਾ। ਇਸ ਲਈ ਟੈਂਡਰ ਪ੍ਰਕਿਰਿਆ ਛੇਤੀ ਹੀ ਪੂਰੀ ਕਰ ਲਈ ਜਾਵੇਗੀ।