ਜੇਐੱਨਐੱਨ, ਜੈਪੁਰ : ਪਾਕਿਸਤਾਨ ਤੋਂ ਆਉਣ ਵਾਲੀਆਂ ਟਿੱਡੀਆਂ ਦੇ ਸਫ਼ਾਏ ਲਈ ਜੋਧਪੁਰ ਏਅਰਬੇਸ 'ਤੇ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਇਹ ਟਿੱਡੀ ਦਲਾਂ ਨੂੰ ਹਵਾ 'ਚ ਮਾਰ ਸੁੱਟੇਗਾ। ਇਸ ਨੂੰ ਲੈ ਕੇ ਟਰਾਇਲ ਸ਼ੁਰੂ ਹੋ ਗਿਆ ਹੈ। ਟਿੱਡੀਆਂ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਰਾਜਸਥਾਨ ਨੇ ਰਵਾਇਤੀ ਸਰੋਤਾਂ ਨਾਲ ਕੀਟਨਾਸ਼ਕ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਢੁੱਕਵੀਂ ਕਾਮਯਾਬੀ ਨਹੀਂ ਮਿਲੀ। ਹੁਣ ਜੋਧਪੁਰ ਏਅਰਬੇਸ 'ਤੇ ਤਾਇਨਾਤ ਹੋਣ ਵਾਲੇ ਮੋਡੀਫਾਈਡ ਹੈਲੀਕਾਪਟਰ ਰਾਹੀਂ ਛਿੜਕਾਅ ਸ਼ੁਰੂ ਕਰਨ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਖਾਸ ਤੌਰ 'ਤੇ ਸੂਬੇ ਦੇ ਸਰਹੱਦੀ ਬਾੜਮੇਰ ਤੇ ਜੈਸਲਮੇਲ ਜ਼ਿਲਿ੍ਆਂ 'ਚ ਟਿੱਡੀਆਂ ਦੇ ਜ਼ਿਆਦਾ ਪ੍ਰਕੋਪ ਨੂੰ ਦੇਖਦਿਆਂ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਇਸ ਤਹਿਤ ਟਰਾਇਲ ਵੀ ਸ਼ੁਰੂ ਹੋ ਗਿਆ ਹੈ।

40 ਮਿੰਟ 'ਚ 800 ਲੀਟਰ ਕੀਟਨਾਸ਼ਕ ਦਾ ਛਿੜਕਾਅ

ਹੈਲੀਕਾਪਟਰ ਸਿਰਫ 40 ਮਿੰਟ 'ਚ 750 ਹੈਕਟੇਅਰ ਇਲਾਕੇ 'ਚ 800 ਲੀਟਰ ਕੀਟਨਾਸ਼ਕ ਦਾ ਛਿੜਕਾਅ ਦਾ ਕਰ ਸਕੇਗਾ। ਦੋ ਇੰਜਣ ਵਾਲਾ ਇਹ ਹੈਲੀਕਾਪਟਰ ਵੱਧ ਤੋਂ ਵੱਧ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰ ਸਕਦਾ ਹੈ। ਇਸ 'ਚ 4000 ਕਿਲੋਗ੍ਰਾਮ ਭਾਰ ਲਿਜਾਣ ਦੀ ਸਮਰੱਥਾ ਹੈ।

ਆਂਡੇ ਦੇਣ ਨਾਲ ਵੱਧ ਸਕਦੀ ਹੈ ਸਮੱਸਿਆ : ਉੱਧਰ, ਸਰਹੱਦ ਦੇ ਨੇੜੇ ਟਿੱਡੀਆਂ ਨੇ ਵੱਡੀ ਗਿਣਤੀ 'ਚ ਆਂਡੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਹ ਸਰਹੱਦ 'ਤੇ ਲੱਗੀਆਂ ਤਾਰਾਂ ਦੇ ਹੇਠੋਂ ਹੋ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋ ਰਹੀਆਂ ਹਨ। ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਟਿੱਡੀਆਂ ਨੂੰ ਕਾਬੂ ਨਾ ਕੀਤਾ ਜਾਂਦਾ ਤਾਂ ਇਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਸਕਦੀ ਹੈ। ਟਿੱਡੀਆਂ ਦੇ ਕੁਝ ਦਲ ਪੱਛਮੀ ਰਾਜਸਥਾਨ 'ਚ ਸਰਗਰਮ ਹਨ।